ਸ਼ਗਨ ਕਟਾਰੀਆ
ਬਠਿੰਡਾ, 8 ਸਤੰਬਰ
ਹੜਤਾਲੀ ਬੱਸ ਕਾਮਿਆਂ ਨੇ ਤੀਜੇ ਦਿਨ ਵੀ ਬੱਸਾਂ ਦਾ ਚੱਕਾ ਜਾਮ ਰੱਖਿਆ ਅਤੇ ਸ਼ਹਿਰ ਵਿਚ ਰੋਸ ਮਾਰਚ ਕੀਤਾ। ਸਰਕਾਰੀ ਲਾਰੀਆਂ ਦਾ ਚੱਕਾ ਜਾਮ ਹੋਣ ਕਰਕੇ ਮੁਸਾਫ਼ਰ ਖਚਾਖਚ ਭਰੀਆਂ ਪ੍ਰਾਈਵੇਟ ਬੱਸਾਂ ’ਤੇ ਸਫ਼ਰ ਕਰਨ ਲਈ ਮਜਬੂਰ ਰਹੇ। ਨਿੱਜੀ ਟਰਾਂਸਪੋਰਟਰ ਓਵਰਲੋਡ ਸਵਾਰੀਆਂ ਚੜ੍ਹਾ ਕੇ ਇਸ ਹੜਤਾਲ ਦਾ ਲਾਹਾ ਖੱਟ ਰਹੇ ਹਨ।
ਰੋਸ ਮਾਰਚ ਕਰ ਰਹੇ ਪੰਜਾਬ ਰੋਡਵੇਜ਼/ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਆਗੂ ਗੁਰਦੀਪ ਸਿੰਘ ਨੇ ਦੱਸਿਆ ਕਿ ਹੜਤਾਲ ਕਾਰਨ ਤਕਰੀਬਨ 2100 ਬੱਸਾਂ ਬੰਦ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਹੜਤਾਲੀ ਕਰਮਚਾਰੀਆਂ ਦੀਆਂ ਮੰਗਾਂ ਪ੍ਰਵਾਨ ਨਹੀਂ ਕਰਦੀ, ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ, ਛਾਂਟੀ ਕੀਤੇ ਮੁਲਾਜ਼ਮ ਮੁੜ ਨੌਕਰੀ ’ਤੇ ਰੱਖੇ ਜਾਣ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰੀ ਬੱਸਾਂ ਦੀ ਗਿਣਤੀ ਨਿਗੂਣੀ ਅਤੇ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਸਫ਼ਰ ਮੁਫ਼ਤ ਕਰਨ ਕਰਕੇ ਅਕਸਰ ਸਵਾਰੀਆਂ ਅਤੇ ਕੰਡਕਟਰਾਂ ਦਰਮਿਆਨ ਲੜਾਈ ਝਗੜਾ ਹੁੰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਟਰਾਂਸਪੋਰਟਰ ਦੇ ਫਲੀਟ ਵਿਚ 1000 ਬੱਸਾਂ ਹੋਰ ਪਾਈਆਂ ਜਾਣ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਦੀ ਅਗਵਾਈ ਹੇਠ ਰੋਡਵੇਜ਼ ਕਾਮਿਆਂ ਵੱਲੋਂ ਅਣਮਿਥੇ ਸਮੇਂ ਦੀ ਹੜਤਾਲ ਦੇ ਤੀਜੇ ਦਿਨ ਮੁਕਤਸਰ ਡਿੱਪੂ ਵਿਖੇ ਬੱਸਾਂ ਦਾ ਮੁਕੰਮਲ ਚੱਕਾ ਜਾਮ ਰੱਖਿਆ ਗਿਆ। ਵਰਕਰਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਸ਼ਹਿਰ ਵਿੱਚ ਮਾਰਚ ਕੀਤਾ ਅਤੇ ਲੋਕਾਂ ਨੂੰ ਇਸ਼ਤਿਹਾਰ ਵੰਡੇ। ਗੁਰਮੇਲ ਸਿੰਘ, ਹਰਵਿੰਦਰਪਾਲ ਸਿੰਘ ਅਤੇ ਚਰਨਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਲੇ ਪਿਛਲੇ 13-14 ਸਾਲਾਂ ਤੋਂ ਕੋਈ ਹੱਲ ਨਹੀਂ ਕੱਢਿਆ ਤੇ ਪਹਿਲਾਂ ਕੀਤੇ ਵਾਅਦਿਆਂ ਮੁਤਾਬਕ ਰੋਡਵੇਜ਼ ਵਿਭਾਗ ਵਿੱਚ ਕਿਸੇ ਵੀ ਮੁਲਾਜ਼ਮ ਨੇ ਪੱਕਾ ਨਹੀਂ ਕੀਤਾ ਗਿਆ।
ਫਾਜ਼ਿਲਕਾ (ਪਰਮਜੀਤ ਸਿੰਘ): ਪੰਜਾਬ ਰੋਡਵੇਜ਼ ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਅਣਮਿੱਥੇ ਸਮੇਂ ਦੀ ਹੜਤਾਲ ਤੀਜੇ ਦਿਨ ’ਚ ਸ਼ਾਮਲ ਹੋ ਗਈ ਹੈ। ਅੱਜ ਪਨਬਸ ਦੇ ਸਮੂਹ ਵਰਕਰਾਂ ਨੇ ਫਾਜ਼ਿਲਕਾ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ’ਚ ਰੋਸ ਮਾਰਚ ਕੱਢਿਆ ਅਤੇ ਲੋਕਾਂ ਨੂੰ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਜਾਣੂ ਕਰਵਾਇਆ, ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਦਫ਼ਤਰ ’ਚ ਮੰਗ ਪੱਤਰ ਸੌਂਪਿਆ ਗਿਆ। ਪ੍ਰਧਾਨ ਮਨਪ੍ਰੀਤ ਸਿੰਘ ਸਿੰਘ ਨੇ ਕਿਹਾ ਕਿ ਭਲਕੇ 9 ਸਤੰਬਰ ਨੂੰ 4 ਘੰਟੇ ਲਈ ਬੱਸ ਸਟੈਂਡ ਬੰਦ ਕੀਤੇ ਜਾਣਗੇ ਅਤੇ 10 ਸਤੰਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਪੱਕਾ ਧਰਨਾ ਲਾਇਆ ਜਾਵੇਗਾ।
ਮਾਨਸਾ (ਜੋਗਿੰਦਰ ਸਿੰਘ ਮਾਨ): ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਕੰਟਰੈਕਟ ਵਰਕਰਾਂ ਵਲੋਂ ਲਗਾਤਾਰ ਤੀਜੇ ਦਿਨ ਦੀ ਹੜਤਾਲ ਦੌਰਾਨ ਅੱਜ ਸਵਾਰੀਆਂ ਨੂੰ ਫਿਰ ਖੱਜਲ-ਖੁਆਰੀ ਦਾ ਸਾਹਮਣਾ ਕਰਨ ਪਿਆ, ਜਿਸ ਲਈ ਸਾਰਾ ਦਿਨ ਲੋਕ ਸਰਕਾਰ ਨੂੰ ਕੋਸਦੇ ਰਹੇ। ਮਾਲਵਾ ਖੇਤਰ ਵਿੱਚ ਪੀਆਰਟੀਸੀ ਦੀਆਂ ਜ਼ਿਆਦਾ ਬੱਸ ਚੱਲਣ ਕਾਰਨ ਪੇਂਡੂ ਖੇਤਰ ਦੇ ਲੋਕਾਂ ਨੂੰ ਵੱਧ ਤਕਲੀਫ਼ਾਂ ਦਾ ਸਾਹਮਣਾ ਕਰਨਾ ਪਿਆ। ਬੇਸ਼ੱਕ ਪ੍ਰਾਈਵੇਟ ਬੱਸਾਂ ਚੱਲਦੀਆਂ ਹਨ, ਪਰ ਇਨ੍ਹਾਂ ਬੱਸਾਂ ਵਿੱਚ ਭੀੜ-ਭੜਕਾ ਜ਼ਿਆਦਾ ਹੋਣ ਕਾਰਨ ਔਰਤਾਂ, ਬਜ਼ੁਰਗਾਂ ਅਤੇ ਨਿਆਣਿਆਂ ਨੂੰ ਸਭ ਤੋਂ ਵੱਧ ਖਮਿਆਜ਼ਾ ਭੁਗਤਣਾ ਪਿਆ ਹੈ। ਭਾਵੇਂ ਇਸ ਹੜਤਾਲ ਦੇ ਹੱਲ ਲਈ ਅੱਜ ਪੰਜਾਬ ਸਰਕਾਰ ਵੱਲੋਂ ਜਥੇਬੰਦੀਆਂ ਦੇ ਆਗੂਆਂ ਨਾਲ ਬਕਾਇਦਾ ਮੀਟਿੰਗ ਕੀਤੀ ਗਈ, ਪਰ ਦੁਪਹਿਰ ਤੋਂ ਬਾਅਦ ਸਮਾਪਤ ਹੋਈ ਇਸ ਮੀਟਿੰਗ ਦੇ ਬੇਸਿੱਟਾ ਰਹਿਣ ਤੋਂ ਬਾਅਦ ਹੁਣ ਭਲਕੇ ਮੁੜ ਚੌਥੇ ਦਿਨ ਹੜਤਾਲ ਜਾਰੀ ਰਹਿਣ ਕਾਰਨ ਆਮ ਲੋਕਾਂ ਦੇ ਮਨਾਂ ਵਿੱਚ ਸਰਕਾਰ ਪ੍ਰਤੀ ਰੋਸ ਵੱਧਦਾ ਜਾ ਰਿਹਾ ਹੈ ਅਤੇ ਲੋਕ ਹੜਤਾਲੀਆਂ ਨੂੰ ਵੀ ਕੋਸਣ ਲੱਗਣੇ ਹਨ।