ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 25 ਅਗਸਤ
ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਨੇ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਾਉਣ ਲਈ ਅੱਜ ਇਥੇ ਬੱਸ ਅੱਡੇ ਦੇ ਮੁੱਖ ਗੇਟ ’ਤੇ ਧਰਨਾ ਦੇ ਕੇ ਦੋ ਘੰਟਿਆਂ ਲਈ ਬੱਸਾਂ ਦਾ ਚੱਕਾ ਜਾਮ ਕੀਤਾ। ਧਰਨਾ ਲੱਗਣ ਨਾਲ ਨਿੱਜੀ ਬੱਸਾਂ, ਅੱਡੇ ਦੇ ਬਾਹਰੋਂ ਹੀ ਸਵਾਰੀਆਂ ਲਾਹੁਣ-ਚੜ੍ਹਾਉਣ ਲੱਗੀਆਂ ਤਾਂ ਦੂਰ-ਦੂਰ ਤੱਕ ਸੜਕਾਂ ’ਤੇ ਟ੍ਰੈਫ਼ਿਕ ਰੁਕਣ ਨਾਲ ਵਾਹਨ ਫਸ ਗਏ। ਆਪਣੀ ਮੰਜ਼ਿਲ ’ਤੇ ਜਾਣ ਵਾਲੀਆਂ ਸਵਾਰੀਆਂ ਨੂੰ ਵੱਖਰੇ ਤੌਰ ’ਤੇ ਖੁਆਰੀ ਦਾ ਸਾਹਮਣਾ ਕਰਨਾ ਪਿਆ।
ਮੁਜ਼ਾਹਰਾਕਾਰੀਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਯੂਨੀਅਨ ਨਾਲ ਕੀਤੇ ਗਏ ਵਾਅਦੇ ਮੁਤਾਬਕ ਭਲਕੇ 26 ਅਗਸਤ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ’ਚ ਪਨਬਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਕੋਈ ਫੈਸਲਾ ਨਾ ਲਿਆ ਤਾਂ 6 ਸਤੰਬਰ ਤੋਂ ਉਹ ਬੇਮਿਆਦੀ ਹੜਤਾਲ ਸ਼ੁਰੂ ਕਰਨਗੇ। ਹੜਤਾਲ ਦੌਰਾਨ ਉਨ੍ਹਾਂ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਪੱਕਾ ਧਰਨਾ ਅਤੇ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਵਿਧਾਨ ਸਭਾ ਵੱਲ ਮਾਰਚ ਕਰਨ ਦੀ ਚਿਤਾਵਨੀ ਦਿੱਤੀ। ਉਨ੍ਹਾਂ ਆਖਿਆ ਕਿ ਜੇਕਰ ਮੰਗਾਂ ਫਿਰ ਵੀ ਨਾ ਮੰਨੀਆਂ ਗਈਆਂ ਤਾਂ ਪਿੰਡਾਂ ਤੇ ਸ਼ਹਿਰਾਂ ਵਿੱਚ ਰੋਸ ਮੁਜ਼ਾਹਰੇ ਕਰਕੇ ਜਨਤਕ ਲਾਮਬੰਦੀ ਨਾਲ ਮੰਤਰੀਆਂ ਤੋਂ ਲੈ ਕੇ ਸੰਤਰੀਆਂ ਤੱਕ ਦਾ ਘਰੋਂ ਨਿੱਕਲਣਾ ਬੰਦ ਕੀਤਾ ਜਾਵੇਗਾ।
ਬਰਨਾਲਾ (ਪ੍ਰਸ਼ੋਤਮ ਬੱਲੀ): ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੀ ਕਮੇਟੀ ਵੱਲੋਂ ਪੰਜਾਬ ਦੇ ਸਮੂਹ ਬੱਸ ਸਟੈਂਡ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਫ਼ਿਰੋਜ਼ਪੁਰ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਰੋਡਵੇਜ਼ ਵਿਚ ਠੇਕੇ ਤੇ ਭਰਤੀ ਕੀਤੇ ਡਰਾਈਵਰ, ਕੰਡਕਟਰ ਤੇ ਹੋਰ ਕਰਮਚਾਰੀ ਆਪਣੀਆਂ ਮੰਗਾਂ ਨਾ ਮੰਨੇ ਜਾਣ ਕਾਰਣ ਪੰਜਾਬ ਸਰਕਾਰ ਤੋਂ ਡਾਢੇ ਨਾਰਾਜ਼ ਹਨ। ਡਰਾਈਵਰਾਂ ਤੇ ਕੰਡਕਟਰਾਂ ਨੇ ਅੱਜ ਛਾਉਣੀ ਬੱਸ ਅੱਡੇ ਤੇ ਦੋ ਘੰਟੇ ਲਈ ਬੱਸਾਂ ਬੰਦ ਕਰਕੇ ਪੰਜਾਬ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ।