ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 29 ਅਕਤੂਬਰ
ਮਹਿਣਾ ਚੌਕ ਖੇਤਰ ਵਿੱਚ ਸੀਵਰੇਜ ਦਾ ਪਾਣੀ ਗਲ਼ੀਆਂ ’ਚ ਭਰਨ ਦਾ ਸੰਤਾਪ ਭੋਗਦੇ ਆ ਰਹੇ ਸ਼ਹਿਰੀਆਂ ਨੇ ਅੱਜ ਮਹਿਣਾ ਚੌਕ ਵਿੱਚ ਧਰਨਾ ਲਾਇਆ। ਇਸ ਪ੍ਰਦਰਸ਼ਨ ’ਚ ਮਹਿਣਾ ਚੌਕ ਤੋਂ ਫ਼ੌਜੀ ਚੌਕ ਦਰਮਿਆਨ ਦੇ ਵਸਨੀਕ ਅਤੇ ਦੁਕਾਨਦਾਰ ਸ਼ਾਮਿਲ ਹੋਏ।
ਇਸ ਮੌਕੇ ਧਰਨੇ ’ਚ ਸ਼ਾਮਿਲ ਵਿਪਨਜੀਤ, ਕਰਤਾਰ ਸਿੰਘ, ਨਵੀ ਢਿੱਲੋਂ, ਜਰਨੈਲ ਸਿੰਘ ਆਦਿ ਨੇ ਦੱਸਿਆ ਕਿ ਮਹਿਣਾ ਚੌਕ ਇਲਾਕੇ ਵਿੱਚ ਸਾਲ 1992 ’ਚ ਕਰੀਬ 300 ਘਰ ਸਨ। ਇੱਥੇ ਨਗਰ ਕੌਂਸਲ ਨੇ ਸੀਵਰੇਜ ਨਿਕਾਸੀ ਲਈ ਅੱਠ ਇੰਚ ਚੌੜੀ ਪਾਈਪ ਪਾਈ ਸੀ। ਉਨ੍ਹਾਂ ਕਿਹਾ ਕਿ ਹੁਣ ਘਰ ਲਗਭਗ 3000 ਹਨ, ਜਿਸ ਕਰ ਕੇ ਆਬਾਦੀ ਦੇ ਲਿਹਾਜ਼ ਨਾਲ ਪਾਈਪਲਾਈਨ ਵੱਡੀ ਕੀਤੀ ਜਾਣੀ ਚਾਹੀਦੀ ਸੀ ਪਰ ਅਜਿਹਾ ਕੀਤਾ ਨਹੀਂ ਗਿਆ। ਉਨ੍ਹਾਂ ਦੱਸਿਆ ਕਿ ਇਸ ਖੇਤਰ ’ਚ ਤਿੰਨ ਦੁੱਧ ਵਾਲੀਆਂ ਡੇਅਰੀਆਂ ਹਨ ਅਤੇ ਉਨ੍ਹਾਂ ’ਚੋਂ ਵੱਡੀ ਮਾਤਰਾ ’ਚ ਗੋਹਾ ਪਾਣੀ ’ਚ ਵਹਿ ਕੇ ਸੀਵਰੇਜ ਲਈ ਰੁਕਾਵਟ ਬਣਦਾ ਹੈ। ਵਿਖਾਵਾਕਾਰੀਆਂ ਨੇ ਪ੍ਰਸ਼ਾਸਨ ਤੋਂ ਡੇਅਰੀਆਂ ਨੂੰ ਆਬਾਦੀ ਵਿੱਚੋਂ ਬਾਹਰ ਕੱਢਣ ਦੀ ਅਪੀਲ ਵੀ ਕੀਤੀ।
ਉਨ੍ਹਾਂ ਕਿਹਾ ਕਿ ਮਹਿਣਾ ਚੌਕ ਨੇੜਲੇ ਦੋ ਧਾਰਮਿਕ ਸਥਾਨਾਂ ’ਤੇ ਆਉਣ-ਜਾਣ ਵਾਲੇ ਸ਼ਰਧਾਲੂਆਂ ਨੂੰ ਵੀ ਗੰਦੇ ਪਾਣੀ ਵਿਚ ਦੀ ਲੰਘਣਾ ਪੈਂਦਾ ਹੈ। ਪਿਛਲੇ ਦਸ ਸਾਲਾਂ ਦੀ ਇਸ ਸਮੱਸਿਆ ਦੇ ਹੱਲ ਲਈ ਉਹ ਕਈ ਵਾਰ ਸੀਵਰੇਜ ਬੋਰਡ ਅਤੇ ਨਗਰ ਨਿਗਮ ਕੋਲ ਆਪਣਾ ਦੁੱਖ ਬਿਆਨ ਚੁੱਕੇ ਹਨ ਪਰ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਗੰਦੇ ਪਾਣੀ ਦੀ ਬਦਬੂ ਅਤੇ ਮੱਛਰ ਬਿਮਾਰੀਆਂ ਦਾ ਕਾਰਨ ਬਣ ਰਹੇ ਹਨ।
ਧਰਨਾਕਾਰੀਆਂ ਨੇ ਕਿਹਾ ਕਿ ਜੇ ਮਸਲੇ ਦਾ ਹੱਲ ਨਾ ਹੋਇਆ ਤਾਂ ਉਹ ਆਉਂਦੇ ਦਿਨਾਂ ਵਿੱਚ ਸ਼ਹਿਰ ਦੇ ਮੁੱਖ ਬੱਸ ਸਟੈਂਡ ਅਤੇ ਫੌਜੀ ਚੌਕ ’ਚ ਧਰਨੇ ਦੇ ਕੇ ਆਵਾਜਾਈ ਰੋਕਣਗੇ।