ਸ਼ਗਨ ਕਟਾਰੀਆ
ਬਠਿੰਡਾ, 9 ਅਕਤੂਬਰ
ਇੱਥੇ ਰੋਜ਼ ਗਾਰਡਨ ਵਿੱਚ ਸਥਿਤ ਬਲਵੰਤ ਗਾਰਗੀ ਓਪਨ ਏਅਰ ਥੀਏਟਰ ’ਚ ਚੱਲ ਰਹੇ ਪੰਦਰਾ-ਰੋਜ਼ਾ 10ਵੇਂ ਕੌਮੀ ਰੰਗਮੰਚ ਨਾਟਿਅਮ ਮੇਲੇ ਦੇ 9ਵੇਂ ਦਿਨ ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਰਾਜਸਥਾਨ ਦੇ ਜੈਪੁਰ ਤੋਂ ਆਈ ‘ਰਸ ਰੰਗ ਮੰਚ’ ਸੰਸਥਾ ਵੱਲੋਂ ਆਪਣੀ ਰਵਾਇਤੀ ਨਾਟ-ਸ਼ੈਲੀ ਨੌਟੰਕੀ ਦੀ ਪੇਸ਼ਕਾਰੀ ਦਿੰਦਿਆਂ ‘ਆਲ੍ਹਾ ਅਫ਼ਸਰ’ ਨਾਟਕ ਖੇਡਿਆ ਗਿਆ।
ਦੋ ਦਰਜਨ ਦੇ ਕਰੀਬ ਕਲਾਕਾਰਾਂ ਵਾਲੀ ਇਸ ਪੇਸ਼ਕਸ ਵਿੱਚ ਸਾਰੇ ਅਦਾਕਾਰਾਂ ਨੇ ਗਾਉਂਦਿਆਂ ਆਪਣੇ ਡਾਇਲਾਗ ਬੋਲੇ ਅਤੇ ਸਿਸਟਮ ਵਿੱਚ ਫੈਲੇ ਭ੍ਰਿਸ਼ਟਾਚਾਰ ’ਤੇ ਤੰਜ਼ ਕਸਿਆ। ਮੁਦਰਾ ਰਾਕਸ਼ਸ ਦੇ ਲਿਖੇ ਅਤੇ ਮੁਕੇਸ਼ ਵਰਮਾ ਵੱਲੋਂ ਨਿਰਦੇਸ਼ਿਤ ਇਸ ਨਾਟਕ ਵਿੱਚ ਇੱਕ ਪਿੰਡ ਦੀ ਕਹਾਣੀ ਦਿਖਾਈ ਗਈ ਜਿਸ ਵਿੱਚ ਸਾਰੇ ਇੱਕ ਅਫ਼ਸਰ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਹਨ ਪਰ ਉਸ ਦੇ ਭੁਲੇਖੇ ਇੱਕ ਠੱਗ ਦੀ ਸੇਵਾ ਕਰਦੇ ਰਹਿੰਦੇ ਹਨ ਜਦੋਂ ਕਿ ਅਸਲੀ ਅਫ਼ਸਰ ਨੇ ਅਜੇ ਆਉਣਾ ਹੁੰਦਾ ਹੈ।
ਇਸ ਮੌਕੇ ਵਪਾਰੀ ਤੇ ਸਮਾਜ ਸੇਵੀ ਅਮਰਜੀਤ ਮਹਿਤਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਇਰੈਕਟਰ ਯੂਥ ਵੈਲਫੇਅਰ ਡਾ. ਗੁਰਸੇਵਕ ਲੰਬੀ, ਐਨਜ਼ੈਡਸੀਸੀ ਤੋਂ ਰਵਿੰਦਰ ਸ਼ਰਮਾ ਅਤੇ ਭੁਪਿੰਦਰ ਸਿੰਘ, ਸੁਨੀਲ ਗੁਪਤਾ ਤੇ ਸ਼ਸ਼ੀ ਗੁਪਤਾ ਹਾਜ਼ਿਰ ਸਨ। ਅਮਰਜੀਤ ਮਹਿਤਾ ਵੱਲੋਂ ਇਸ ਨਾਟਕ ਮੇਲੇ ਨੂੰ ਹਰ ਪ੍ਰਕਾਰ ਦੇ ਸਹਿਯੋਗ ਦਾ ਭਰੋਸਾ ਦਿੱਤਾ ਗਿਆ।
‘ਨਾਟਿਅਮ’ ਦੇ ਚੇਅਰਮੈਨ ਡਾ. ਕਸ਼ਿਸ਼ ਗੁਪਤਾ, ਪ੍ਰਧਾਨ ਸੁਦਰਸ਼ਨ ਗੁਪਤਾ ਅਤੇ ਡਾਇਰੈਕਟਰ ਕੀਰਤੀ ਕਿਰਪਾਲ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ।