ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 4 ਜਨਵਰੀ
ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੁੱਕੜ ਨਾਟਕਾਂ ਦੀ ਲੜੀ ਚਲਾਈ ਗਈ। ਇਸ ਲੜੀ ਵਿਚ ਰੰਗ ਮੰਚੀ ਗਰੁੱਪ ‘ਨਾਟਿਅਮ’ ਵੱਲੋਂ ਕੀਰਤੀ ਕਿਰਪਾਲ ਦੀ ਨਿਰਦੇਸ਼ਨਾ ਹੇਠ ਬਠਿੰਡਾ ਜ਼ਿਲ੍ਹੇ ਦੇ ਪਿੰਡਾਂ ਤੇ ਸ਼ਹਿਰ ਵਿਚ ਨਾਟਕਕਾਰ ਗੁਰਸ਼ਰਨ ਸਿੰਘ ਦਾ ਲਿਖਿਆ ਨਾਟਕ ‘ਗੁਰੂ ਲਾਧੋ ਰੇ’ ਖੇਡਿਆ ਗਿਆ। ਬਠਿੰਡਾ ਸ਼ਹਿਰ ਦੇ ਟੀਚਰਜ਼ ਹੋਮ ਤੇ ਮਿਨੀ ਸਕੱਤਰੇਤ ਸਾਹਮਣੇ ਅਤੇ ਪਿੰਡਾਂ ’ਚੋਂ ਕੋਠੇ ਚੇਤ ਸਿੰਘ, ਬੁਰਜ ਮਹਿਮਾ, ਕੋਠੇ ਲਾਲ ਸਿੰਘ ਆਦਿ ਦੇ ਸਰਕਾਰੀ ਸਕੂਲਾਂ ਵਿੱਚ ਇਹ ਨਾਟਕ ਦਾ ਮੰਚਨ ਕੀਤਾ ਗਿਆ। ਨਾਟਕ ਵਿੱਚ ਬਿਕਰਮਜੀਤ ਸਿੰਘ, ਅਸੀਸ ਸ਼ਰਮਾ, ਹਰਮਨਦੀਪ ਸਿੰਘ, ਹਰਸਪਿੰਦਰ ਸਿੰਘ ਅਤੇ ਹਿਮਾਂਸ਼ੂ ਕਲਾਕਾਰਾਂ ਨੇ ਆਪਣੀ ਕਲਾ ਦੇ ਜੌਹਰ ਵਿਖਾ ਕੇ ਦਰਸ਼ਕਾਂ ਦੇ ਮਨਾਂ ’ਤੇ ਅਮਿੱਟ ਛਾਪ ਛੱਡੀ। ਇਨ੍ਹਾਂ ਪੇਸ਼ਕਾਰੀਆਂ ਨੂੰ ਕਰਵਾਉਣ ਵਿਚ ਪ੍ਰਿੰਸੀਪਲ ਮਨਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਠੇ ਚੇਤ ਸਿੰਘ, ਬਲਵਿੰਦਰ ਸਿੰਘ ਗਣਿਤ ਮਾਸਟਰ, ਬਹਾਦਰ ਸਿੰਘ ਸਹਸ ਬੁਰਜ ਮਹਿਮਾ ਅਤੇ ਮੁੱਖ ਅਧਿਆਪਕ ਗੁਰਜੀਤ ਸਿੰਘ ਸਰਕਾਰੀ ਹਾਈ ਸਕੂਲ ਕੋਠੇ ਲਾਲ ਸਿੰਘ ਨੇ ਮਹੱਤਵਪੂਰਨ ਸਹਿਯੋਗ ਦਿੱਤਾ।