ਸ਼ਗਨ ਕਟਾਰੀਆ
ਬਠਿੰਡਾ, 10 ਜੁਲਾਈ
ਸ਼ਹਿਰ ਦੇ ਪਰਸ ਰਾਮ ਨਗਰ ਦੀ ਟੁੱਟੀ ਹੋਈ ਮੁੱਖ ਸੜਕ ਦੀ ਦਰੁਸਤਗੀ ਲਈ ਪ੍ਰੀਮਿਕਸ ਪਾਉਣ ਦੇ ਕੰਮ ’ਚ ਸਿਆਸੀ ਰੱਸਾਕਸ਼ੀ ਹੋਈ। ਇਸ ਕੰਮ ਦਾ ਉਦਘਾਟਨ ਹਲਕਾ ਬਠਿੰਡਾ (ਸ਼ਹਿਰੀ) ਤੋਂ ‘ਆਪ’ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਤੇ ਕਾਂਗਰਸੀ ਆਗੂ ਅਸ਼ੋਕ ਕੁਮਾਰ ਨੇ ਵੱਖੋ-ਵੱਖਰੇ ਤੌਰ ’ਤੇ ਕੀਤਾ। ਗ਼ੌਰਤਲਬ ਹੈ ਕਿ ਕਾਂਗਰਸ ਬਹੁ-ਗਿਣਤੀ ਕੌਂਸਲਰਾਂ ਨਾਲ ਨਗਰ ਨਿਗਮ ਬਠਿੰਡਾ ’ਤੇ ਕਾਬਜ਼ ਹੈ। ‘ਆਪ’ ਦੇ ਮੌਜੂਦਾ ਵਿਧਾਇਕ ਜਗਰੂਪ ਸਿੰਘ ਗਿੱਲ ਵੀ ਨਿਗਮ ਦੇ ਕੌਂਸਲਰ ਸਨ। ਉਨ੍ਹਾਂ ਵਿਧਾਨ ਸਭਾ ਚੋਣਾਂ ਤੋਂ ਕੁਝ ਅਰਸਾ ਪਹਿਲਾਂ ਕਾਂਗਰਸ ਛੱਡ ਕੇ ‘ਆਪ’ ਦਾ ਲੜ ਫੜਿਆ ਸੀ। ਹਕੂਮਤ ਬਦਲਣ ਤੋਂ ਬਾਅਦ ਦੀਆਂ ਕਨਸੋਆਂ ਹਨ ਕਿ ਰਾਜਨੀਤਕ ਕਸ਼ਮਕਸ਼ ਵਾਲਾ ਮਾਹੌਲ ਹੋਣ ਕਰ ਕੇ ਨਿਗਮ ਭਵਸਾਗਰ ’ਚ ਗੋਤੇ ਖਾ ਰਹੀ ਹੈ। ਕਾਂਗਰਸੀ ਦੋਸ਼ ਲਾਉਂਦੇ ਹਨ ਕਿ ਸ਼ਹਿਰ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਸਰਕਾਰ ਨਿਗਮ ਨੂੰ ਲੋੜੀਂਦਾ ਪੈਸਾ ਨਹੀਂ ਦੇ ਰਹੀ। ‘ਆਪ’ ਦੇ ਆਗੂ ਇਨ੍ਹਾਂ ਦੋਸ਼ਾਂ ਨੂੰ ਹਲਕੀ ਸਿਆਸਤ ਦੀ ਪੈਦਾਇਸ਼ ਕਹਿ ਕੇ ਖੰਡਨ ਕਰਦੇ ਆ ਰਹੇ ਹਨ। ਉਹ ਤਾਂ ਇੱਥੋਂ ਤੱਕ ਕਹਿੰਦੇ ਹਨ ਪੰਜ ਸਾਲ ਰਾਜ ਵੀ ਕਾਂਗਰਸ ਦਾ ਸੀ ਅਤੇ ਵਿੱਤ ਮੰਤਰੀ ਦਾ ਹਲਕਾ ਸੀ ਪਰ ਚਾਰ ਮਹੀਨਿਆਂ ’ਚ ਹੀ ਲੋੜਾਂ ਖੁੰਭਾਂ ਵਾਂਗੂੰ ਕਿਉਂ ਫੁੱਟ ਪਈਆਂ। ਉਹ ਕਹਿੰਦੇ ਨੇ ਦਰਅਸਲ ਕਾਂਗਰਸ ਸਿਰਫ਼ ਦੋਸ਼ ਲਾ ਰਹੀ ਹੈ, ਉਸ ਨੇ ਕੰਮ ਨਹੀਂ ਕੀਤੇ।
‘ਆਪ’ ਦੇ ਆਗੂਆਂ ਦਾ ਕਹਿਣਾ ਹੈ ਕਿ ਜਗਰੂਪ ਸਿੰਘ ਗਿੱਲ ਮੁਕਾਮੀ ਪ੍ਰਸ਼ਾਸਨ ਨਾਲ ਹੋਈਆਂ ਮੀਟਿੰਗਾਂ ਦੌਰਾਨ ਸ਼ਹਿਰ ’ਚ ਬਰਸਾਤੀ ਪਾਣੀ ਦੇ ਰੁਕਣ ਦਾ ਮੁੱਦਾ ਚੁੱਕ ਕੇ ਨਿਗਮ ਨੂੰ ਠੀਕ ਕਰਨ ਲਈ ਕਹਿ ਚੁੱਕੇ ਹਨ ਪਰ ਅੱਗੋਂ ਕੋਈ ਦਿਲਚਸਪੀ ਨਹੀਂ ਦਿਖਾਈ ਦੇ ਰਹੀ। ਉਨ੍ਹਾਂ ਕਿਹਾ ਕਿ ਨਿਗਮ ਕੋਲ ਗਰਾਂਟਾਂ ਦੀ ਕੋਈ ਤੋਟ ਨਹੀਂ।