ਸ਼ਗਨ ਕਟਾਰੀਆ
ਬਠਿੰਡਾ, 1 ਜਨਵਰੀ
ਨਵੇਂ ਸਾਲ ਦੇ ਪਲੇਠੇ ਦਿਨ ਦਫ਼ਤਰੀ ਕਰਮਚਾਰੀਆਂ ਨੇ ਇਥੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਰੋਸ ਮਾਰਚ ਕਰ ਕੇ ਪਹੁੰਚੇ ਸਰਵ ਸਿੱਖਿਆ ਅਭਿਆਨ/ਮਿਡ ਡੇਅ-ਮੀਲ ਦੇ ਪ੍ਰਦਰਸ਼ਨਕਾਰੀ ਦਫ਼ਤਰੀ ਕਰਮਚਾਰੀਆਂ ਨੇ ਲੋਕਾਂ ਦਾ ਧਿਆਨ ਖਿੱਚਣ ਲਈ ਟੋਪ, ਕੁੱਕਰ, ਪਰਾਤਾਂ, ਜੱਗ, ਗੜਵੀਆਂ, ਥਾਲੀਆਂ ਚੁੱਕੇ ਹੋਏ ਸਨ ਅਤੇ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਭਾਂਡਿਆਂ ਵਿਚ ਕਾਂਗਰਸ ਸਰਕਾਰ ਦੇ ਚਾਰ ਸਾਲਾਂ ਦੇ ਦਿੱਤੇ ਹੋਏ ‘ਲਾਰਿਆਂ’ ਦੇ ਪੱਤਰ ਭਰੇ ਹੋਏ ਹਨ। ਵਿਖਾਵਾਕਾਰੀਆਂ ਦੀ ਅਗਵਾਈ ਕਰ ਰਹੇ ਮੁਲਾਜ਼ਮ ਆਗੂ ਰਾਜਿੰਦਰ ਸਿੰਘ ਸੰਧਾ, ਦੀਪਕ ਬਾਂਸਲ, ਸ਼ੇਰ ਸਿੰਘ, ਦਲਜਿੰਦਰ ਸਿੰਘ, ਸੁਖਵਿੰਦਰ ਕੌਰ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਥਾਂ ਤਨਖਾਹਾਂ ਵਿਚ ਕਟੌਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਹਰ ਦੁਆਰ ’ਤੇ ਸਿਵਾਏ ਲਾਰਿਆਂ ਦੇ ਕੁਝ ਪੱਲੇ ਨਹੀਂ ਪਿਆ। ਵਿਖਾਵਾਕਾਰੀ ‘ਲਾਰਿਆ’ ਨਾਲ ਭਰੇ ਭਾਂਡੇ ਮੰਤਰੀ ਦੇ ਦੁਆਰ ’ਤੇ ਰੱਖ ਕੇ ਵਾਪਸ ਪਰਤ ਗਏ। ਇਸ ਦੇ ਨਾਲ ਹੀ ਉਨ੍ਹਾਂ ਮੰਗਾਂ ਮੰਨਵਾਉਣ ਲਈ ਪੱਕਾ ਮੋਰਚਾ ਲਾ ਕੇ ਸੰਘਰਸ਼ ਤਿੱਖਾ ਕਰਨ ਦਾ ਐਲਾਨ ਕੀਤਾ।