ਮਨੋਜ ਸ਼ਰਮਾ
ਬਠਿੰਡਾ, 15 ਅਕਤੂਬਰ
ਪੀਐੱਸਪੀਸੀਐੱਲ ਦੇ ਐਨਫੋਰਸਮੈਂਟ ਅਤੇ ਡਿਸਟ੍ਰੀਬਿਊਸ਼ਨ ਵਿੰਗ ਨੇ ਇਕੱਲੇ ਮਾਲਵਾ ਖੇਤਰ ਵਿੱਚ ਪਿਛਲੇ ਤਿੰਨ ਮਹੀਨਿਆਂ ’ਚ 35,000 ਤੋਂ ਵੱਧ ਬਿਜਲੀ ਕੁਨੈਕਸ਼ਨਾਂ ਦੀ ਜਾਂਚ ਕੀਤੀ ਅਤੇ 1198 ਡਿਫਾਲਟਰਾਂ ਨੂੰ 6.24 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਪੀਐੱਸਪੀਸੀਐੱਲ ਪਹਿਲਾਂ ਹੀ ਡਿਫਾਲਟਰਾਂ ਕੋਲੋਂ ਜੁਰਮਾਨੇ ਦੀ ਅੱਧੀ ਰਕਮ ਵਸੂਲ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਪਾਵਰਕੌਮ ਨੂੰ ਔਸਤਨ ਹਰ ਸਾਲ ਬਿਜਲੀ ਚੋਰੀ ਵਜੋਂ ਲਗਪਗ 1000 ਤੋਂ 1500 ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ। ਪੀਐੱਸਪੀਸੀਐੱਲ ਦੇ ਪੱਛਮੀ ਜ਼ੋਨ ਵਿੱਚ ਮੁਕਤਸਰ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਮੋਗਾ, ਮਾਨਸਾ, ਫ਼ਰੀਦਕੋਟ, ਫਾਜ਼ਿਲਕਾ ਸਮੇਤ ਹੋਰ ਜ਼ਿਲ੍ਹਿਆਂ ਸਣੇ ਮਾਲਵਾ ਖੇਤਰ ਦੇ ਲਗਪਗ 70 ਫੀਸਦ ਖੇਤਰ ਆਉਂਦੇ ਹਨ। ਸੂਤਰਾਂ ਨੇ ਦੱਸਿਆ ਕਿ ਪਿਛਲੇ ਛੇ ਮਹੀਨਿਆਂ ਵਿੱਚ ਡਿਫਾਲਟਰਾਂ ਦੇ ਬਕਾਇਆ ਬਿੱਲਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ, ਜਿਨ੍ਹਾਂ ਵਿੱਚੋਂ ਕੁਝ ਤਾਂ ਪਿਛਲੇ ਕਈ ਸਾਲਾਂ ਤੋਂ ਪੈਂਡਿੰਗ ਪਏ ਸਨ। ਪੀਐੱਸਪੀਸੀਐੱਲ ਨੇ ਬਿਜਲੀ ਡਿਫਾਲਟਰਾਂ ’ਤੇ ਛਾਪੇ ਮਾਰਨੇ ਤੇਜ਼ ਕੀਤੇ ਹਨ। ਜ਼ਿਕਰਯੋਗ ਹੈ ਕਿ ਸਰਕਾਰ ਬਦਲਦੇ ਹੀ ਮਾਲੀਏ ਵਿੱਚ ਵੀ ਕਾਫੀ ਸੁਧਾਰ ਹੋਇਆ ਹੈ।
ਪਾਵਰਕੌਮ ਵੱਲੋਂ ਅਗਸਤ, ਸਤੰਬਰ ਅਤੇ ਅਕਤੂਬਰ ਵਿੱਚ ਚੈਕਿੰਗ ਕੀਤੀ ਗਈ ਸੀ ਅਤੇ ਇਸ ਦੌਰਾਨ ਹੁੰਦੀ ਬਿਜਲੀ ਦੀ ਚੋਰੀ ਵਿੱਚ ਮੁੱਖ ਤੌਰ ’ਤੇ ਗੈਰ-ਕਾਨੂੰਨੀ ਬਿਜਲੀ ਕੁਨੈਕਸ਼ਨ, ਓਵਰਲੋਡ ਅਤੇ ਬਿਜਲੀ ਮੀਟਰਾਂ ਨਾਲ ਛੇੜਛਾੜ ਵਰਗੇ ਜੁਰਮ ਸ਼ਾਮਲ ਸਨ। ਪੀਐੱਸਪੀਸੀਐੱਲ ਦੇ ਰਿਕਾਰਡ ਅਨੁਸਾਰ, ਬਿਜਲੀ ਚੋਰੀ ਦੀਆਂ ਜ਼ਿਆਦਾਤਰ ਘਟਨਾਵਾਂ ਪੇਂਡੂ ਖੇਤਰ ਦੇ ਬਿਜਲੀ ਫੀਡਰਾਂ ਤੋਂ ਦਰਜ ਕੀਤੀਆਂ ਗਈਆਂ ਹਨ ਅਤੇ ਕੁੱਲ ਬਿਜਲੀ ਚੋਰੀ ਦਾ 66 ਫੀਸਦ ਜ਼ਿਲ੍ਹੇ ਦੇ ਦਿਹਾਤੀ ਖੇਤਰਾਂ ਤੋਂ ਦਰਜ ਕੀਤਾ ਗਿਆ ਹੈ।
ਕੀ ਕਹਿੰਦੇ ਨੇ ਅਧਿਕਾਰੀ
ਇਸ ਸਬੰਧੀ ਪੀਐਸਪੀਸੀਐਲ ਦੇ ਪੱਛਮੀ ਜ਼ੋਨ ਦੇ ਐਨਫੋਰਸਮੈਂਟ ਵਿੰਗ ਦੇ ਸੁਪਰਡੈਂਟ ਇੰਜਨੀਅਰ ਬਾਬੂ ਲਾਲ ਨੇ ਕਿਹਾ, “ਬਿਜਲੀ ਦੀ ਚੋਰੀ ਨੂੰ ਨੱਥ ਪਾਉਣ ਲਈ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ’ਤੇ ਸੱਤ ਕਾਰਜਕਾਰੀ ਇੰਜਨੀਅਰਾਂ ਨੂੰ ਪੱਛਮੀ ਜ਼ੋਨ ਖੇਤਰ ਵਿੱਚ ਐਨਫੋਰਸਮੈਂਟ ਗਤੀਵਿਧੀਆਂ ਨੂੰ ਤੇਜ਼ ਕਰਨ ਲਈ ਕਿਹਾ ਗਿਆ ਹੈ । ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਬਿਜਲੀ ਚੋਰੀ ਨੂੰ ਰੋਕਣ ਲਈ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ। ਡਿਫਾਲਟਰ ਜਾਂ ਬਿਜਲੀ ਚੋਰੀ ਵਿੱਚ ਸ਼ਾਮਲ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ।’’