ਪੱਤਰ ਪ੍ਰੇਰਕ
ਬਠਿੰਡਾ, 26 ਅਗਸਤ
ਪੰਜਾਬ ਸਟੇਟ ਪਾਵਰਕਾਰਪੋਰੇਸ਼ਨ ਲਿਮ. ਨੇ ਆਪਣੇ ਮੁਲਾਜ਼ਮਾਂ ਦੀਆਂ ਅਣਗਹਿਲੀਆਂ ਪ੍ਰਤੀ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ। ਵਿਭਾਗ ਨੇ ਬਿਜਲੀ ਚੋਰੀ ਨੂੰ ਰੋਕਣ ਵਿੱਚ ਅਸਫਲ ਰਹਿਣ ਅਤੇ ਆਪਣੀ ਸਰਕਾਰੀ ਡਿਊਟੀ ਵਿੱਚ ਅਣਗਹਿਲੀਆਂ/ ਬੇਨਿਯਮੀਆਂ ਲਈ ਕਾਰਪੋਰੇਸ਼ਨ ਦੀ ਲੋੜੀਂਦੀ ਪੜਤਾਲ ਉਪਰੰਤ 3 ਜੇ.ਈ., 2 ਲਾਈਨਮੈਨਾਂ ਅਤੇ ਇਕ ਐੱਸ.ਐੱਸ.ਏ. ਨੂੰ ਤਤਕਾਲ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਪਾਵਰਕੌਮ ਦੇ ਇਕ ਬੁਲਾਰੇ ਨੇ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਗ੍ਰਾਮ ਪੰਚਾਇਤ ਪਿੰਡ ਘੁੱਦੂਵਾਲਾ, ਸਬ ਡਵੀਜਨ ਸਾਦਿਕ ਡਵੀਜ਼ਨ ਫਰੀਦਕੋਟ ਸਰਕਲ ਫਰੀਦਕੋਟ ਅਧੀਨ ਜ਼ਮੀਨ ਵਿੱਚ ਇਨਫੋਰਸਮੈਂਟ ਸਕੁਐਡ ਬਠਿੰਡਾ ਵੱਲੋਂ ਚੈਕਿੰਗ ਦੌਰਾਨ 4 ਨੰਬਰ ਨਾਜਾਇਜ਼ ਮੋਟਰਾਂ ਫੜੀਆਂ ਗਈਆਂ ਹਨ। ਬੁਲਾਰੇ ਨੇ ਦੱਸਿਆ ਫੜੀਆਂ ਗਈਆਂ 6 ਨਜਾਜਾਇਜ਼ ਮੋਟਰਾਂ ਬਹੁਤ ਲੰਮੇਂ ਸਮੇਂ ਤੋਂ ਜੋ ਮੌਜੂਦਾ ਸਰਪੰਚ ਹਰਨੀਤ ਸਿੰਘ ਵੱਲੋਂ ਚਲਾਈਆਂ ਜਾ ਰਹੀਆਂ ਸਨ। ਇਸ ਦੇ ਨੇੜੇ ਹੀ ਗੁਰਮੀਤ ਸਿੰਘ ਪੁੱਤਰ ਮੇਜਰ ਸਿੰਘ ਦੀ 2 ਨੰਬਰ ਨਾਜਾਇਜ਼ ਮੋਟਰਾਂ ਚੱਲਦੀਆਂ ਫੜੀਆਂ ਗਈਆਂ। ਇਨ੍ਹਾਂ 6 ਨੰਬਰ ਨਾਜਾਇਜ਼ ਮੋਟਰਾਂ ਦੇ ਖਪਤਕਾਰਾਂ ਨੂੰ ਕੁੱਲ 3,89,181 ਰੁਪਏ ਬਿਜਲੀ ਚੋਰੀ ਲਈ ਜੁਰਮਾਨਾ ਕੀਤਾ ਗਿਆ ਹੈ।
ਬੁਲਾਰੇ ਨੇ ਦੱਸਿਆ ਕਿ ਸਰਪੰਚ ਹਰਨੀਤ ਸਿੰਘ ਤੇ ਗੁਰਮੀਤ ਸਿੰਘ ਵਿਰੁੱਧ ਐੱਸ.ਐੱਚ.ਓ/ਐਂਟੀ ਪਾਵਰ ਥੈਫਟ ਪੁਲੀਸ ਸਟੇਸ਼ਨ ਵੱਲੋਂ ਬਿਜਲੀ ਚੋਰੀ ਐਕਟ ਦੀ ਧਾਰਾ-135 ਅਧੀਨ ਐੱਫ.ਆਈ.ਆਰ ਦਰਜ ਕਰਵਾ ਦਿੱਤੀ ਗਈ ਹੈ। ਐੱਸ.ਐੱਚ.ਓ/ਐਂਟੀ ਪਾਵਰ ਥੈਫਟ ਵੱਲੋਂ ਇਨ੍ਹਾਂ ਵਿਅਕਤੀਆਂ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ। ਪਾਵਰਕੌਮ ਦੇ ਬੁਲਾਰੇ ਨੇ ਦੱਸਿਆ ਕਿ ਇਸ ਬਿਜਲੀ ਚੋਰੀ ਨੂੰ ਰੋਕਣ ਵਿੱਚ ਅਸਫਲ ਜੇ.ਈ ਲਵਪ੍ਰੀਤ ਸਿੰਘ, ਜੇ.ਈ ਬਲਵਿੰਦਰ ਸਿੰਘ ਤੇ ਲਾਈਨਮੈਨ ਸ਼ਿੰਦਰ ਸਿੰਘ ਜਿੰਮੇਂਵਾਰ ਪਾਏ ਗਏ ਤੇ ਪੰਜਾਬ ਸਟੇਟ ਪਾਵਰਕੌਮ ਵੱਲੋਂ 3 ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤੇ। ਬਲਵਿੰਦਰ ਸਿੰਘ ਜੇ.ਈ.ਜੋ ਵੰਡ ਉਪ ਮੰਡਲ ਸਾਦਿਕ ਅਧੀਨ ਵੰਡ ਮੰਡਲ ਫਰੀਦਕੋਟ ’ਚ ਤੈਨਾਤ ਸੀ, ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਤੋ ਇਲਾਵਾ ਲਵਪ੍ਰੀਤ ਸਿੰਘ ਜੇ.ਈ਼ ਜੋ ਕਿ ਵੰਡ ਉਪ ਮੰਡਲ ਸਾਦਿਕ ਅਧੀਨ ਵੰਡ ਮੰਡਲ ਫਰੀਦਕੋਟ ਨੂੰ ਮੁਅੱਤਲ ਕੀਤਾ ਗਿਆ ਹੈ। ਇਸੇ ਤਰ੍ਹਾਂ ਸ਼ਿੰਦਰ ਸਿੰਘ ਲਾਈਨਮੈਨ ਜੋ ਵੰਡ ਉਪ ਮੰਡਲ ਸਾਦਿਕ ਅਧੀਨ ਵੰਡ ਮੰਡਲ ਫਰੀਦਕੋਟ ਨੂੰ ਵੀ ਮੁਅੱਤਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਜਨਮ ਅਸ਼ਟਮੀ ਮੌਕੇ ਬਿਲਾਸਪੁਰ ਇਲਾਕੇ ’ਚ ਜਦੋਂ ਬਿਜਲੀ ਸਪਲਾਈ ਵਿੱਚ ਵਿਘਨ ਪਿਆ ਤਾਂ ਰਾਜਬਿੰਦਰ ਸਿੰਘ ਏਏਈ ਜੋ ਵੰਡ ਉਪ ਮੰਡਲ ਬਿਲਾਸਪੁਰ (ਅਧੀਨ ਵੰਡ ਮੰਡਲ ਬਾਘਾਪੁਰਾਣਾ) ’ਚ ਕੰਮ ਕਰਦਾ ਸੀ, ਵੱਲੋਂ ਬਿਜਲੀ ਸਪਲਾਈ ਵਿੱਚ ਵਿਘਨ ਸਬੰਧੀ ਹਰਭਜਨ ਸਿੰਘ ਈਟੀਓ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਪੰਜਾਬ ਦੇ ਦਖਲ ਦੇਣ ਦੇ ਬਾਵਜੂਦ ਜੇ.ਈ. ਬਿਲਾਸਪੁਰ ਸਬ ਡਵੀਜ਼ਨ ਦੇ ਇਲਾਕੇ ਦਾ ਇੰਚਾਰਜ ਸੀਵੀ ਮੌਕੇ ’ਤੇ ਨਹੀਂ ਪਹੁਚਿਆ, ਨੂੰ ਮੁਅੱਤਲ ਕਰ ਦਿੱਤਾ ਹੈ।
ਸ਼ਰਾਬੀ ਮੁਲਾਜ਼ਮਾਂ ਖ਼ਿਲਾਫ਼ ਵੀ ਹੋਈ ਕਾਰਵਾਈ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਦੇਰ ਸ਼ਾਮ ਟੈਲੀਫੋਨ ’ਤੇ ਪ੍ਰਾਪਤ ਸੂਚਨਾ ਦੇ ਆਧਾਰ ’ਤੇ ਲਖਵੀਰ ਸਿੰਘ ਲਾਈਨਮੈਨ ਵੰਡ ਉਪ ਮੰਡਲ ਬੁਢਲਾਡਾ ਤੇ ਤਰਲੋਚਨ ਸਿੰਘ ਐੱਸ.ਐੱਸ.ਏ 66 ਕੇ ਵੀ ਸਬ ਸਟੇਸ਼ਨ ਭਾਦੜਾ ਅਧੀਨ ਐੱਸਐੱਸਈ ਭੀਖੀ ਅਧੀਨ ਓ ਤੇ ਐੱਮ ਮੰਡਲ ਮਾਨਸਾ ਨੂੰ ਡਿਊਟੀ ਦੌਰਾਨ ਸ਼ਰਾਬੀ ਹਾਲਤ ਵਿੱਚ ਪਾਇਆ ਗਿਆ ਤੇ ਇਸ ਸਮੇਂ ਦੌਰਾਨ ਪਿੰਡਾਂ ਦੀ ਬਿਜਲੀ ਵੀ ਪ੍ਰਭਾਵਿਤ ਹੋਈ ਜਿਸ ਨਾਲ ਬਿਜਲੀ ਖਪਤਕਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸੋ ਕਰਮਚਾਰੀਆਂ ਨੂੰ ਆਪਣੀ ਡਿਊਟੀ ਵਿੱਚ ਅਣਗਹਿਲੀਆਂ ਲਈ ਮੁਅੱਤਲ ਕਰ ਦਿੱਤਾ ਗਿਆ।