ਮਨੋਜ ਸ਼ਰਮਾ
ਬਠਿੰਡਾ, 20 ਨਵੰਬਰ
ਇਥੇ 13ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ ਛੇਵੇਂ ਦਿਨ ਨਾਟਕ ‘ਚਿੱਟਾ ਸਿੰਘ’ ਖੇਡਿਆ ਗਿਆ। ਕਹਾਣੀ ‘ਦਿ ਰੀਫੰਡ’ ਤੋਂ ਪ੍ਰੇਰਿਤ ਇਸ ਨਾਟਕ ਨੂੰ ਜੰਮੂ ਤੋਂ ਆਈ ਟੀਮ ਦਿ ਰਿਫਲੈਕਸ਼ਨ ਗਰੁੱਪ ਨੇ ਰਵਿੰਦਰ ਸ਼ਰਮਾ ਦੇ ਨਿਰਦੇਸ਼ਨ ਹੇਠ ਖੇਡਿਆ। ਨਾਟਕ ਦੀ ਕਹਾਣੀ ਇੱਕ ਸਾਬਕਾ ਵਿਦਿਆਰਥੀ ਦੇ ਦੁਆਲੇ ਘੁੰਮਦੀ ਹੈ ਜੋ ਸਕੂਲ ਤੋਂ ਆਪਣੀ ਫੀਸ ਦਾ ‘ਰੀਫੰਡ’ ਮੰਗਦਾ ਹੈ ਕਿਉਂਕਿ ਉਸ ਨੂੰ ਲਗਦਾ ਹੈ ਕਿ ਉਸ ਨੂੰ ਦਿੱਤੀ ਗਈ ਸਿੱਖਿਆ ਵਿਹਾਰਕ ਰੂਪ ਨਾਲ਼ ਜ਼ਿੰਦਗੀ ਵਿੱਚ ਲਾਗੂ ਨਹੀਂ ਹੁੰਦੀ। ਅਧਿਆਪਕ ਵੀ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੇ ਚੱਕਰ ਵਿੱਚ ਵਿਦਿਆਰਥੀ ਨੂੰ ਐਸਾ ਪੇਪਰ ਪਾਉਂਦੇ ਹਨ ਤਾਂ ਕਿ ਉਹ ਪਾਸ ਨਾ ਹੋ ਸਕੇ। ਸਿੱਖਿਆ ਪ੍ਰਬੰਧਾਂ ’ਤੇ ਚੋਟ ਕਰਦੇ ਇਸ ਨਾਟਕ ਨੇ ਦਰਸ਼ਕਾਂ ਨੂੰ ਸਿੱਖਿਆ ਪ੍ਰਣਾਲੀ ਬਾਬਤ ਸੋਚਣ ਲਈ ਮਜਬੂਰ ਕਰ ਦਿੱਤਾ। ਨਾਟਕ ਮੇਲੇ ਦੇ ਛੇਵੇਂ ਦਿਨ ਮੁੱਖ ਮਹਿਮਾਨ ਵਜੋਂ ਨਗਰ ਨਿਗਮ ਬਠਿੰਡਾ ਦੇ ਕਮਿਸ਼ਨਰ ਨਵਜੋਤਪਾਲ ਸਿੰਘ ਰੰਧਾਵਾ ਨੇ ਸ਼ਿਰਕਤ ਕੀਤੀ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਬਠਿੰਡਾ ਸ਼ਿਵਪਾਲ ਗੋਇਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸ੍ਰੀ ਸਿੰਘ ਰੰਧਾਵਾ ਨੇ ਕਿਹਾ ਕਿ ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ਲਈ ਇੱਕ ਵੱਡਮੁੱਲੀ ਸੌਗਾਤ ਹੈ ਅਤੇ ਸ਼ਹਿਰ ਨੂੰ ਸੱਭਿਆਚਾਰਕ ਹੱਬ ਦੇ ਰੂਪ ਵਿੱਚ ਵਿਕਸਿਤ ਕਰਨ ਵਿੱਚ ਇਹ ਇੱਕ ਮਿਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਨਾਟਿਅਮ ਗਰੁੱਪ ਨੂੰ ਮਿਊਂਸਪਲ ਕਾਰਪੋਰੇਸ਼ਨ ਬਠਿੰਡਾ ਵੱਲੋਂ ਹਰ ਤਰ੍ਹਾਂ ਦੇ ਸਾਥ ਦਾ ਵਿਸ਼ਵਾਸ ਦਿਵਾਇਆ।