ਸ਼ਗਨ ਕਟਾਰੀਆ
ਬਠਿੰਡਾ, 5 ਸਤੰਬਰ
ਜ਼ਿਲ੍ਹਾ ਬਠਿੰਡਾ ’ਚ ਕਰੋਨਾ ਦੇ ਮਰੀਜ਼ਾਂ ਦੀ ਵਧਦੀ ਗਿਣਤੀ ਤੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਫ਼ਿਕਰਮੰਦ ਹਨ। ਮੌਜੂਦਾ ਹਾਲਾਤਾਂ ਦੀ ਸਮੀਖਿਆ ਲਈ ਅੱਜ ਉਨ੍ਹਾਂ ਜ਼ਿਲ੍ਹੇ ਦੇ ਅਫ਼ਸਰਾਂ ਨਾਲ ਮੀਟਿੰਗ ਕੀਤੀ। ਆਧੁਨਿਕ ਸਹੂਲਤਾਂ ਨਾਲ ਲੈਸ ਸ਼ਹਿਰ ਦੇ ਨਿੱਜੀ ਹਸਪਤਾਲਾਂ ਦੇ ਡਾਕਟਰ ਵੀ ਬੈਠਕ ਵਿੱਚ ਸੱਦੇ ਗਏ। ਵਿੱਤ ਮੰਤਰੀ ਨੇ ਪ੍ਰਾਈਵੇਟ ਸਿਹਤ ਕੇਂਦਰਾਂ ਨੂੰ ਕਰੋਨਾ ਦਾ ਬੋਝ ਵੰਡਾਉਣ ਦੀ ਅਪੀਲ ਕੀਤੀ। ਇਸ ਨੂੰ ਸਵੀਕਾਰਦਿਆਂ ਡਾਕਟਰਾਂ ਨੇ ਕਰੀਬ ਡੇਢ ਸੌ ਮਰੀਜ਼ਾਂ ਲਈ ਬਿਸਤਰਿਆਂ ਦੇ ਇੰਤਜ਼ਾਮ ਦੀ ਹਾਮੀ ਭਰੀ। ਇਨ੍ਹਾਂ ਸਾਰੇ ਬੱੈਡਾਂ ’ਤੇ ਵੈਂਟੀਲੇਟਰ, ਆਕਸੀਜਨ ਜਿਹੀਆਂ ਵਿਸ਼ੇਸ਼ ਸਹੂਲਤਾਂ ਹੋਣਗੀਆਂ।
ਬੈਠਕ ’ਚ ਮੈਕਸ, ਆਦੇਸ਼, ਦਿੱਲੀ ਹਾਰਟ, ਪ੍ਰੈਗਮਾ, ਆਈ.ਵੀ.ਵਾਈ, ਇੰਦਰਾਨੀ, ਨਿਵਾਰਾਮ, ਸੱਤਿਅਮ ਹਾਰਟ, ਸਰਵਐਸ ਦਿਵਿਆ, ਪ੍ਰਾਇਮ ਕੇਅਰ, ਰਵਿੰਦਰਾ, ਗਲੋਬਲ ਅਤੇ ਆਈ.ਐਮ. ਆਦਿ ਹਸਪਤਾਲਾਂ ਦੇ ਡਾਕਟਰਾਂ ਸ਼ਾਮਿਲ ਹੋਏ। ਵਿੱਤ ਮੰਤਰੀ ਨੇ ਮੀਡੀਆ ਨੂੰ ਦੱਸਿਆ ਕਿ ਕਰੋਨਾ ਵਾਇਰਸ ਤੋਂ ਪੀੜਤ ਕਿਸੇ ਵੀ ਵਿਅਕਤੀ ਨੂੰ ਕੋਈ ਦਿੱਕਤ ਨਹੀਂ ਆਉਣਾ ਦਿੱਤੀ ਜਾਵੇਗੀ ਅਤੇ ਹਰ ਤਰ੍ਹਾਂ ਦੀਆਂ ਸੰਭਵ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਕਰੋਨਾ ਵਾਇਰਸ ਦੇ ਸਬੰਧ ’ਚ ਲੋਕ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਹਦਾਇਤਾਂ ਜਾਰੀ ਕਰ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਸਬੰਧੀ ਸੋਸ਼ਲ ਮੀਡੀਆ ’ਤੇ ਜੋ ਗ਼ਲਤ ਅਫ਼ਵਾਹਾਂ ਫ਼ੈਲ ਰਹੀਆਂ ਹਨ, ਉਨ੍ਹਾਂ ਤੋਂ ਬਚਿਆ ਜਾਵੇ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਹਰ ਵਿਅਕਤੀ ਦੀ ਜਾਨ-ਮਾਲ ਦੀ ਸੁਰੱਖਿਆ ਲਈ ਚਿੰਤਤ ਹੈ ਅਤੇ ਸਿਹਤ ਵਿਭਾਗ ਸਰਕਾਰ ਦੀ ਨਿਗਰਾਨੀ ਹੇਠ ਲੋਕਾਂ ਦੀ ਸੇਵਾ ਵਿਚ ਦ੍ਰਿੜਤਾ ਨਾਲ ਜੁਟਿਆ ਹੋਇਆ ਹੈ।
ਸੋਸ਼ਲ ਮੀਡੀਆ ’ਤੇ ਅਫ਼ਵਾਹ ਫੈਲਾਉਣੀ ਪਈ ਮਹਿੰਗੀ
ਬਰਨਾਲਾ (ਰਵਿੰਦਰ ਰਵੀ): ਪੁਲੀਸ ਨੇ ਸੋਸ਼ਲ ਮੀਡੀਆ ’ਤੇ ਕਰੋਨਾ ਸਬੰਧੀ ਝੂਠੀਆਂ ਅਫ਼ਵਾਹਾਂ ਫੈਲਾਉਣ ਦੇ ਜ਼ੁਰਮ ਵਿੱਚ ਸਖ਼ਤੀ ਕਰਦਿਆਂ ਸਥਾਨਕ ਪਟੇਲ ਨਗਰ ਦੇ ਰਹਿਣ ਵਾਲੇ ਵਿਅਕਤੀ ‘ਖ਼ਿਲਾਫ਼ ਸਖ਼ਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਥਾਣਾ ਸਿਟੀ ਦੇ ਥਾਣੇਦਾਰ ਜਰਨੈਲ ਸਿੰਘ ਦੇ ਬਿਆਨ ’ਤੇ ਲਵਪ੍ਰੀਤ ਸਿੰਘ ਵਾਸੀ ਪਟੇਲ ਨਗਰ ਬਰਨਾਲਾ ਵੱਲੋਂ 6 ਅਗਸਤ ਨੂੰ ਫੇਸਬੁੱਕ ’ਤੇ ਇੱਕ ਪੋਸਟ ਸ਼ੇਅਰ ਕੀਤੀ ਗਈ। ਇਸ ਪੋਸਟ ਵਿੱਚ ਦਾਅਵਾ ਕੀਤਾ ਕਿ ਇੱਕ ਵਿਅਕਤੀ ਦੇ ਗੁਰਦੇ ਕਿਡਨੀ ਅਤੇ ਗੋਡੇ ਸਭ ਕੱਢ ਲਏ ਗਏ ਹਨ। ਇਸ ਕੇਸ ਦੇ ਪੜਤਾਲੀਆਂ ਅਧਿਕਾਰੀ ਡੀਐੱਸਪੀ ਰਛਪਾਲ ਸਿੰਘ ਢੀਡਸਾਂ ਨੇ ਕਿਹਾ ਕਿ ਮੁਲਜ਼ਮ ਖ਼ਿਲਾਫ਼ ਕਰੋਨਾ ਬਿਮਾਰੀ ਸਬੰਧੀ ਅਫ਼ਵਾਹਾਂ ਫੈਲਾਉਣ ਸਬੰਧੀ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਬਠਿੰਡਾ ਵਿੱਚ 91, ਮੁਕਤਸਰ ’ਚ 50 ਅਤੇ ਮਾਨਸਾ ’ਚ ਕਰੋਨਾ ਦੇ 56 ਨਵੇਂ ਕੇਸ
ਬਠਿੰਡਾ (ਮਨੋਜ ਸ਼ਰਮਾ): ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਨੇ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ 91 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਸ ਸਮੇਂ ਜ਼ਿਲ੍ਹੇ ਵਿੱਚ ਕੁੱਲ 840 ਕੇਸ ਐਕਟਿਵ ਹਨ ਤੇ 416 ਕੇਸ ਹੋਰ ਜ਼ਿਲ੍ਹਿਆ ਵਿੱਚ ਸ਼ਿਫਟ ਹੋ ਚੁੱਕੇ ਹਨ। ਹੁਣ ਤੱਕ ਜ਼ਿਲ੍ਹੇ ਅੰਦਰ 48 ਕਰੋਨਾ ਪੀੜਤਾਂ ਦੀ ਮੌਤ ਹੋ ਚੁੱਕੀ ਹੈ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਸਿਹਤ ਵਿਭਾਗ ਵੱਲੋਂ ਜਾਰੀ ਸੂਚਨਾ ਅਨੁਸਾਰ ਅੱਜ ਜ਼ਿਲ੍ਹੇ ਅੰਦਰ 50 ਵਿਅਕਤੀ ਕਰੋਨਾ ਪਾਜ਼ੇਟਿਵ ਆਏ ਹਨ, ਜਿਸ ਵਿੱਚੋਂ 23 ਵਿਅਕਤੀ ਗਿਦੜਬਾਹਾ, 13 ਮੁਕਤਸਰ, 5 ਮਲੋਟ, ਦੋ-ਦੋ ਲੱਖੇਵਾਲੀ, ਹੁਸਨਰ ਤੇ ਗੋਨੇਆਣਾ ਅਤੇ 1-1 ਵਿਅਕਤੀ ਪਿੰਡ ਦੋਲਾ, ਦੂਹੇਵਾਲਾ, ਹੁਸਨਰ ਤੇ ਭਾਗਸਰ ਵਿੱਚ ਕਰੋਨਾ ਪਾਜ਼ੇਟਿਵ ਪਾਇਆ ਗਿਆ ਹੈ।
ਮਾਨਸਾ (ਜੋਗਿੰਦਰ ਸਿੰਘ ਮਾਨ): ਿਵਲ ਸਰਜਨ ਡਾ.ਜੀਬੀ ਸਿੰਘ ਨੇ ਦੱਸਿਆ ਮਾਨਸਾ ਜ਼ਿਲ੍ਹੇ ਵਿੱਚ ਕਰੋਨਾ ਦੇ 56 ਨਵੇਂ ਮਾਮਲੇ ਸਾਹਮਣੇ ਹਨ। ਹੁਣ ਤੱਕ 779 ਲੋਕਾਂ ਨੂੰ ਕਰੋਨਾ ਪਾਜ਼ੇਟਿਵ ਪਾਏ ਜਾ ਚੁੱਕੇ ਹਨ। ਹੁਣ ਤੱਕ ਮਾਨਸਾ ਜ਼ਿਲ੍ਹੇ ਵਿੱਚ ਕੁੱਲ 12 ਜਣਿਆਂ ਦੀ ਮੌਤ ਹੋ ਚੁੱਕੀ ਹੈ।
ਫਰੀਦਕੋਟ ’ਚ ਇੱਕ ਕਰੋਨਾ ਮਰੀਜ਼ ਦੀ ਮੌਤ ਤੇ 36 ਨਵੇਂ ਕੇਸ
ਕੋਟਕਪੂਰਾ: ਸਿਹਤ ਵਿਭਾਗ ਫ਼ਰੀਦਕੋਟ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਇਥੇ ਇੱਕ ਕਰੋਨਾ ਪਾਜ਼ੇਟਿਵ ਮਰੀਜ਼ ਦੀ ਮੌਤ ਤੇ 36 ਨਵੇਂ ਕੇਸ ਸਾਹਮਣੇ ਆਏ ਹਨ। ਮ੍ਰਿਤਕਾ 54 ਸਾਲ ਦੀ ਇੱਕ ਔਰਤ ਦੱਸੀ ਜਾ ਰਹੀ ਹੈ, ਜੋ ਇੰਨੀ ਦਿਨੀਂ ਆਦੇਸ਼ ਹਸਪਤਾਲ ਬਠਿੰਡਾ ’ਚ ਜ਼ੇਰੇ ਇਲਾਜ ਸੀ। ਸਿਵਲ ਸਰਜਨ ਫ਼ਰੀਦਕੋਟ ਡਾ. ਰਜਿੰਦਰ ਕੁਮਾਰ ਤੇ ਮੀਡੀਆ ਇੰਚਾਰਜ ਬੀਈਈ ਡਾ.ਪਰਭਦੀਪ ਚਾਵਲਾ ਨੇ ਇਸ ਦੀ ਪੁਸ਼ਟੀ ਕੀਤੀ।