ਸ਼ਗਨ ਕਟਾਰੀਆ
ਬਠਿੰਡਾ, 4 ਜੁਲਾਈ
ਉਦੈਪੁਰ ’ਚ ਬੀਤੇ ਦਿਨੀਂ ਇਕ ਦਰਜੀ ਦੀ ਹੋਈ ਹੱਤਿਆ ਦੇ ਵਿਰੋਧ ਵਿੱਚ ਕੁੱਝ ਜਥੇਬੰਦੀਆਂ ਵੱਲੋਂ ਦਿੱਤੇ ਗਏ ਅੱਧਾ ਦਿਨ ‘ਬਠਿੰਡਾ ਬੰਦ’ ਦੇ ਸੱਦੇ ਨੂੰ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ ਹੈ। ਵੱਖ ਵੱਖ ਜਥੇਬੰਦੀਆਂ ਦੇ ਵਰਕਰਾਂ ਨੇ ਸ਼ਹਿਰ ’ਚ ਰੋਸ ਮਾਰਚ ਕੀਤਾ ਤੇ ਸਦਭਾਵਨਾ ਚੌਕ ’ਚ ਧਰਨਾ ਦੇ ਕੇ ਰੋਸ ਪ੍ਰਗਟਾਇਆ। ਵਿਖਾਵਾਕਾਰੀਆਂ ਨੇ ਇਥੇ ਹਨੂੰਮਾਨ ਚਾਲੀਸਾ ਦੇ ਪਾਠ ਕੀਤੇ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ, ਰਾਸ਼ਟਰਪਤੀ ਦੇ ਨਾਂਅ ਸਥਾਨਕ ਪ੍ਰਸ਼ਾਸਨ ਰਾਹੀਂ ਮੰਗ ਪੱਤਰ ਵੀ ਭੇਜਿਆ।
ਚੌਕ ’ਚ ਲੱਗੇ ਧਰਨੇ ’ਚ ਕੁੱਝ ਰਾਜਨੀਤਕ ਪਾਰਟੀਆਂ ਦੇ ਨੁਮਾਇੰਦੇ ਵੀ ਸ਼ਾਮਿਲ ਹੋਏ। ਉਨ੍ਹਾਂ ਦਰਜੀ ਦੇ ਕਤਲ ਨੂੰ ਵਹਿਸ਼ੀਆਨਾ ਦੱਸਦਿਆਂ, ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਭਾਜਪਾ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਨੇ ਇਸ ਮਾਮਲੇ ਨੂੰ ਫਾਸਟ ਟਰੈਕ ਅਦਾਲਤ ’ਚ ਲਿਜਾਣ ਅਤੇ ਦੋਸ਼ੀਆਂ ਨੂੰ ਇਕ ਮਹੀਨੇ ਦੇ ਅੰਦਰ-ਅੰਦਰ ਫਾਂਸੀ ਦੇਣ ਦੀ ਮੰਗ ਕੀਤੀ। ਭਾਜਪਾ ਆਗੂ ਅਤੇ ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਘਟਨਾ ਨੂੰ ਮੰਦਭਾਗੀ ਦੱਸਦਿਆਂ, ਸਰਕਾਰਾਂ ਨੂੰ ਲੋਕਾਂ ਦੀ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕਰਨ ਦੀ ਅਪੀਲ ਕੀਤੀ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਵਿਰਕ ਨੇ ਕਿਹਾ ਕਿ ਹਿੰਦੁਸਤਾਨ ਦੀ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਵਾਲੀਆਂ ਦੇਸ਼ ਵਿਰੋਧੀ ਤਾਕਤਾਂ ਪ੍ਰਤੀ ਦੇਸ਼ ਵਾਸੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ।
ਅਖੀਰ ਵਿੱਚ ਸੰਤਾਂ ਮਹਾਪੁਰਸ਼ਾਂ ਦੀ ਅਗਵਾਈ ’ਚ ਧਰਨੇ ਵਾਲੀ ਥਾਂ ’ਤੇ ਸ੍ਰੀ ਹਨੂੰਮਾਨ ਚਾਲੀਸਾ ਦੇ ਜਾਪ ਕੀਤੇ ਗਏ। ਇਸ ਤੋਂ ਬਾਅਦ ਸਮੂਹ ਜਥੇਬੰਦੀਆਂ ਅਤੇ ਆਗੂਆਂ ਨੇ ਤਹਿਸੀਲਦਾਰ ਰਾਹੀਂ ਰਾਸ਼ਟਰਪਤੀ ਨੂੰ ਮੰਗ ਭੇਜਿਆ।