ਪੱਤਰ ਪ੍ਰੇਰਕ
ਬਠਿੰਡਾ, 15 ਅਕਤੂਬਰ
ਇੱਥੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਦੀਵਾਲੀ ਦੇ ਤਿਉਹਾਰ ਅਤੇ ਗੁਰਪੁਰਬ ਦਿਹਾੜੇ ਸਬੰਧੀ ਪਟਾਕਿਆਂ ਦੀ ਵਿਕਰੀ ਕਰਨ ਲਈ ਲਾਇਸੈਂਸ ਜਾਰੀ ਕਰਨ ਵਾਸਤੇ ਡਰਾਅ ਕੱਢੇ ਗਏ। ਇਸ ਦੌਰਾਨ ਜ਼ਿਲ੍ਹੇ ਭਰ ਅੰਦਰ 34 ਥਾਵਾਂ ’ਤੇ ਲਗਾਏ ਜਾਣ ਵਾਲੇ ਪਟਾਕਿਆਂ ਦੇ ਸਟਾਲਾਂ ਲਈ ਆਰਜ਼ੀ ਲਾਇਸੈਂਸ ਜਾਰੀ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਨਗਰ ਸੁਧਾਰ ਟਰੱਸਟ ਦੇ ਸਾਹਮਣੇ ਪੰਜ ਆਰਜ਼ੀ ਸਟਾਲ ਪਟਾਕਿਆਂ ਦੀ ਵਿਕਰੀ ਲਈ ਲਗਾਏ ਜਾਣਗੇ।
ਇਸੇ ਤਰ੍ਹਾਂ ਸਪੋਰਟਸ ਸਟੇਡੀਅਮ ਬਠਿੰਡਾ ਵਿੱਚ 17, ਸਾਹਮਣੇ ਡੀਡੀ ਮਿੱਤਲ ਟਾਵਰ ਵਿਖੇ ਚਾਰ, ਸਰਕਾਰੀ ਸੀਨੀਅਰ ਸੈਕੰਡਰੀ (ਲੜਕੇ) ਗੋਨਿਆਣਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭੁੱਚੋ ਮੰਡੀ ਵਿੱਚ ਇਕ-ਇਕ ਆਰਜ਼ੀ ਸਟਾਲ ਪਟਾਕਿਆਂ ਦੀ ਵਿਕਰੀ ਲਈ ਲਗਾਇਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਐੱਸਐੱਸਡੀ ਸੀਨੀਅਰ ਸੈਕੰਡਰੀ ਸਕੂਲ ਰਾਮਾਂ ਮੰਡੀ, ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗਰਾਊਂਡ (ਲੜਕੇ) ਤਲਵੰਡੀ ਸਾਬੋ, ਸਪੋਰਟਸ ਸਟੇਡੀਅਮ ਨੇੜੇ ਸੂਏ ਵਾਲਾ ਪੁਲ ਮੰਡੀ ਰਾਮਪੁਰਾ ਫੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਠਾ ਗੁਰੂ ਰੋਡ, ਭਗਤਾ ਭਾਈਕਾ ਵਿਖੇ ਇਕ-ਇਕ ਅਤੇ ਐੱਮਐੱਸਡੀ ਹਾਈ ਸਕੂਲ ਮੌੜ ਵਿਖੇ ਦੋ ਆਰਜ਼ੀ ਸਟਾਲਾਂ ਲਾਈਆਂ ਜਾਣਗੀਆਂ। ਨਿਰਧਾਰਤ ਥਾਵਾਂ ਤੋਂ ਬਿਨਾਂ ਹੋਰ ਕਿਤੇ ਵੀ ਪਟਾਕੇ ਵੇਚਣ ਦੀ ਮਨਾਹੀ ਹੋਵੇਗੀ।