ਮਨੋਜ ਸ਼ਰਮਾ
ਬਠਿੰਡਾ, 21 ਮਈ
ਪੀਆਰਟੀਸੀ ਦਾ ਬਠਿੰਡਾ ਡਿੱਪੂ ਇਨ੍ਹੀਂ ਦਿਨੀਂ ਘਾਟੇ ਵਿੱਚ ਚੱਲ ਰਿਹਾ ਹੈ। ਅੰਤਰਰਾਜੀ ਰੂਟ ਬੰਦ ਹੋਣ ਕਾਰਨ ਪੀਆਰਟੀਸੀ ਦੇ ਬਠਿੰਡਾ ਡਿੱਪੂ ਦੀ ਆਮਦਨੀ ਘਟੀ ਹੈ। ਜ਼ਿਕਰਯੋਗ ਹੈ ਕੇ ਬਠਿੰਡਾ ਡਿੱਪੂ ਤੋਂ ਦੋ ਦਰਜਨ ਦੇ ਕਰੀਬ ਬੱਸਾਂ ਗੁਆਂਢੀ ਰਾਜਾਂ ਲਈ ਰਵਾਨਾ ਹੁੰਦੀਆਂ ਸਨ ਜਿਨ੍ਹਾਂ ਵਿੱਚ ਮੁੱਖ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ ਰਾਜਸਥਾਨ ਤੇ ਹਰਿਆਣਾ ਨੂੰ ਜਾਣ ਵਾਲੀਆਂ ਬੱਸਾਂ ਤੋਂ ਬਠਿੰਡਾ ਡਿੱਪੂ ਨੂੰ ਮੋਟੀ ਆਮਦਨੀ ਸੀ। ਜੇਕਰ ਹਿਮਾਚਲ ਪ੍ਰਦੇਸ਼ ਦੇ ਉਹ ਰੂਟਾਂ ਦੀ ਗੱਲ ਕੀਤੀ ਜਾਵੇ ਜਿਨ੍ਹਾਂ ਵਿੱਚ ਜਵਾਲਾ ਜੀ, ਧਰਮਸ਼ਾਲਾ ਕਾਂਗੜਾ, ਸ਼ਿਮਲਾ ਲਈ ਰੂਟ ਹਨ ਜਦੋਂ ਕਿ ਉੱਤਰਾਖੰਡ ਦੇ ਹਰਿਦੁਆਰ ਤੋਂ ਦੇਹਰਾਦੂਨ, ਰਾਜਸਥਾਨ ਤੱਕ ਪੀਆਰਟੀਸੀ ਦਾ ਘੋੜਾ ਦੌੜਦਾ ਸੀ ਪਰ ਬੀਤੀ 10 ਮਈ ਤੋਂ ਰੂਟ ਬੰਦ ਕਰ ਦਿੱਤੇ ਗਏ ਹਨ। ਬਠਿੰਡਾ ਡਿਪੂ ਹੁਣ ਘਾਟੇ ਵਿੱਚ ਚੱਲ ਰਿਹਾ ਹੈ।
ਡਿੱਪੂ ਦੀ ਹੁਣ ਕੁੱਲ ਆਮਦਨੀ 12 ਤੋਂ 14 ਲੱਖ ਰੁਪਏ ਰਹਿ ਗਈ ਹੈ। ਜੇਕਰ ਘਾਟੇ ’ਤੇ ਝਾਤ ਮਾਰੀ ਜਾਵੇ ਤਾਂ ਹਰ ਰੋਜ਼ ਦਾ ਘਾਟਾ ਬਠਿੰਡਾ ਡਿੱਪੂ ਨੂੰ 15 ਤੋਂ 16 ਲੱਖ ਵਿੱਚ ਪੈ ਰਿਹਾ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਆਮ ਦਿਨਾਂ ਵਿੱਚ ਪੀਆਰਟੀਸੀ ਦੀ ਆਮਦਨੀ ਰੋਜ਼ਾਨਾ 21 ਲੱਖ ਰੁਪਏ ਸੀ ਪਰ ਜਦੋਂ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਦੀ ਯਾਤਰਾ ਮੁਫਤ ਕੀਤੀ ਗਈ ਤਾਂ ਪੀਆਰਟੀਸੀ ਦੀ ਆਮਦਨੀ ਵਿੱਚ ਚੋਖਾ ਵਾਧਾ ਹੋਇਆ। ਉਸ ਸਮੇਂ ਡਿੱਪੂ ਦੀ ਆਮਦਨੀ 29 ਲੱਖ ਤੱਕ ਪਹੁੰਚ ਗਈ ਸੀ। ਭਾਵੇਂ ਮੁਫ਼ਤ ਯਾਤਰਾ ਨੂੰ ਲੈ ਕੇ ਪੀਆਰਟੀਸੀ ਦੇ ਘਾਟੇ ਸਬੰਧੀ ਕਈ ਧਾਰਨਾਵਾਂ ਪ੍ਰਗਟ ਹੋਈਆਂ ਸਨ ਅਤੇ ਇਸ ਫ਼ੈਸਲੇ ‘ਤੇ ਜਿਥੇ ਲੋਕਾਂ ਨੇ ਇਸ ਦਾ ਸਵਾਗਤ ਕੀਤਾ ਸੀ ਤੇ ਕਈ ਆਲੋਚਕਾਂ ਨੇ ਪੰਜਾਬ ਦੇ ਪੰਜਾਬ ਸਰਕਾਰ ਦੀ ਨਿਖੇਧੀ ਵੀ ਕੀਤੀ ਸੀ ਕਿ ਪੀਆਰਟੀਸੀ ਤਾਂ ਪਹਿਲਾਂ ਹੀ ਘਾਟੇ ਵਿੱਚ ਚੱਲ ਰਹੀ ਸੀ ਤੇ ਉੱਤੋਂ ਮਹਿਲਾਵਾਂ ਦੀ ਯਾਤਰਾ ਮੁਫ਼ਤ ਕਰ ਦਿੱਤੀ ਪਰ ਪੀਆਰਟੀਸੀ ਦੇ ਅਧਿਕਾਰੀਆਂ ਅਨੁਸਾਰ ਮਹਿਲਾਵਾਂ ਦੀ ਮੁਫ਼ਤ ਟਿਕਟ ਦਾ ਖਰਚਾ ਪੰਜਾਬ ਸਰਕਾਰ ਵੱਲੋਂ ਉਤਾਰਿਆ ਜਾ ਰਿਹਾ ਸੀ ਜਿਸ ਕਾਰਨ ਡਿਪੂ ਦੀ ਆਮਦਨੀ ਵਿਚ ਵਾਧਾ ਹੋਇਆ। ਮਹਿਲਾਵਾਂ ਦੀ ਯਾਤਰਾ ਨਾਲ ਡਿੱਪੂ ਦੀ ਆਮਦਨ ਵਿੱਚ ਕੋਈ ਕਮੀ ਨਹੀਂ ਆਈ ।
ਬਠਿੰਡਾ ਡਿੱਪੂ ਦੇ ਜਨਰਲ ਮੈਨੇਜਰ ਰਮਨ ਸ਼ਰਮਾ ਦਾ ਕਹਿਣਾ ਹੈ ਕਿ ਹੁਣ ਕਰੋਨਾ ਕਾਰਨ 50 ਫ਼ੀਸਦੀ ਸਵਾਰੀਆਂ ਨੂੰ ਸਫਰ ਕਰਵਾਉਣ ਦੀ ਹਦਾਇਤ ਹੈ ਪਰ ਕਈ ਵਾਰੀ ਪੰਜਾਹ ਫ਼ੀਸਦੀ ਤੋਂ ਘੱਟ ਸਵਾਰੀਆਂ ਮਿਲਦੀਆਂ ਹਨ। ਲੋਕਲ ਰੂਟਾਂ ’ਤੇ ਵੀ ਡੀਜ਼ਲ ਤੇ ਮੇਨਟੀਂਨੈਂਸ ਖਰਚਾ ਵਧਣ ਕਾਰਨ ਅਮਦਨ ਵਿੱਚ ਕਮੀ ਆਈ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬਠਿੰਡਾ ਡਿਪੂ ਦੇ ਤਕਰੀਬਨ ਦੋ ਦਰਜਨ ਤੋਂ ਵੱਧ ਡਰਾਈਵਰ ਅਤੇ ਕੰਡਕਟਰ ਕਰੋਨਾ ਦੀ ਬਿਮਾਰੀ ਨਾਲ ਜੂਝ ਰਹੇ ਹਨ। ਬੀਤੇ ਦਿਨੀਂ ਪੀਆਰਟੀਸੀ ਦੇ ਠੇਕਾ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਵੀ ਕੀਤੀ ਸੀ।