ਪੱਤਰ ਪ੍ਰੇਰਕ
ਬਠਿੰਡਾ, 3 ਅਗਸਤ
ਇੱਥੇ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਤ ਕਾਂਸਟੀਚੂਐਂਟ ਕਾਲਜ ਘੁੱਦਾ ਦੇ ਗੈਸਟ ਫੈਕਲਟੀ ਪ੍ਰੋਫੈਸਰਾਂ ਨੂੰ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਤਨਖ਼ਾਹਾਂ ਨਹੀਂ ਮਿਲੀਆਂ। ਕਾਲਜ ਦੇ ਪ੍ਰੋਫੈਸਰ ਅਤੇ ਪੰਜਾਬੀ ਯੂਨੀਵਰਸਿਟੀ ਗੈਸਟ ਟੀਚਰਜ਼ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਪ੍ਰੋ. ਪਰਗਟ ਸਿੰਘ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਉਨ੍ਹਾਂ ਨੂੰ ਤਨਖ਼ਾਹਾਂ ਨਹੀਂ ਮਿਲੀਆਂ। ਪ੍ਰੋਫੈਸਰਾਂ ਨੇ ਕਿਹਾ ਇਸ ਸਬੰਧੀ ਕਈ ਵਾਰ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਉਨ੍ਹਾਂ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਗਿਲ੍ਹਾ ਜ਼ਾਹਰ ਕੀਤਾ ਜਿੱਥੇ ਮਹਿਲਾ ਪ੍ਰੋਫੈਸਰਾਂ ਨੂੰ ਜਣੇਪਾ ਛੁੱਟੀ ਤੋਂ ਵਾਂਝਾ ਰੱਖਿਆ ਹੋਇਆ ਹੈ। ਇੱਥੇ ਹੀ ਬੱਸ ਨਹੀਂ ਯੂਨੀਵਰਸਿਟੀ ਵੱਲੋਂ ਤਜਰਬਾ ਸਰਟੀਫਿਕੇਟ ਵੀ ਨਹੀਂ ਦਿੱਤਾ ਜਾ ਰਿਹਾ। ਦੱਸਣਯੋਗ ਹੈ ਕਿ ਗੈਸਟ ਫੈਕਲਿਟੀ ਪੂਰੇ 12 ਮਹੀਨਿਆਂ ਲਈ ਕੰਮ ਕਰਦੇ ਹਨ ਪਰ ਯੂਨੀਵਰਸਿਟੀ ਸੱਤ ਮਹੀਨਿਆਂ ਦੀ ਹੀ ਤਨਖ਼ਾਹ ਜਾਰੀ ਕਰਦੀ ਹੈ। ਪ੍ਰੋਫੈਸਰ ਅਮਨਦੀਪ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਕਿਹਾ ਉਹ ਇਸ ਨੌਕਰੀ ਲਈ ਯੂਨੀਵਰਸਿਟੀ ਦੀਆਂ ਸਾਰੀਆਂ ਸ਼ਰਤਾਂ ਪਾਸ ਕਰ ਕੇ ਯੋਗ ਉਮੀਦਵਾਰ ਵਜੋਂ ਗੈਸਟ ਫੈਕਲਟੀ ਪ੍ਰੋਫੈਸਰ ਭਰਤੀ ਹੋਏ ਹਨ ਪਰ ਅਫ਼ਸੋਸ ਉਨ੍ਹਾਂ ਨੂੰ ਰੈਗੂਲਰ ਤਾਂ ਕੀ ਕਰਨਾ ਸੀ, ਤਨਖ਼ਾਹਾਂ ’ਤੇ ਵੀ ਕੱਟ ਲਗਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਸਾਰੀਆਂ ਬੱਚਤਾਂ ਖ਼ਤਮ ਹੋ ਚੁੱਕੀਆਂ ਹਨ। ਹੁਣ ਕਾਂਸਟੀਚੂਐਂਟ ਕਾਲਜਾਂ ਵਿੱਚ ਮੁੜ ਨਿਯੁਕਤੀ ਨਾ ਕੀਤੇ ਜਾਣ ਦੇ ਡਰ ਨੇ ਉਨ੍ਹਾਂ ਦੀ ਨੀਂਦ ਉਡਾ ਦਿੱਤੀ ਹੈ।
ਗੈਸਟ ਫੈਕਲਟੀ ਸਟਾਫ ਨੇ ਦਸਤਾਵੇਜ਼ ਜਮ੍ਹ੍ਾਂ ਨਹੀਂ ਕਰਵਾਏ: ਪ੍ਰਿੰਸੀਪਲ
ਕਾਲਜ ਪ੍ਰਿੰਸੀਪਲ ਜਸਪਾਲ ਸਿੰਘ ਨੇ ਕਿਹਾ ਕਿ ਗੈਸਟ ਫੈਕਲਟੀ ਸਟਾਫ ਮੈਂਬਰਾਂ ਨੇ ਆਪਣੇ ਲੈਕਚਰਾਂ ਦਾ ਰਿਕਾਰਡ ਅਤੇ ਵਿਦਿਆਰਥੀਆਂ ਦੇ ਮੁਲੰਕਣ ਦੇ ਰਿਕਾਰਡ ਸਣੇ ਹੋਰ ਦਸਤਾਵੇਜ਼ ਜਮ੍ਹਾਂ ਨਹੀਂ ਕਰਵਾਏ ਜੋ ਤਨਖ਼ਾਹ ਜਾਰੀ ਕਰਨ ਲਈ ਲੋੜੀਂਦੇ ਹਨ।