ਮਨੋਜ ਸ਼ਰਮਾ
ਬਠਿੰਡਾ, 2 ਸਤੰਬਰ
ਸ਼੍ਰੋਮਣੀ ਅਕਾਲੀ ਦਲ ਨੇ ਮੌੜ ਹਲਕੇ ਤੋਂ ਦਾਅਵੇਦਾਰੀ ਜਤਾ ਰਹੇ ਸਿੰਕਦਰ ਸਿੰਘ ਮਲੂਕਾ ਨੂੰ ਝਟਕਾ ਦਿੰਦਿਆਂ ਭਾਵੇਂ ਜਗਮੀਤ ਸਿੰਘ ਬਰਾੜ ਨੂੰ ਚੋਣ ਮੈਦਾਨ ਵਿਚ ਉਤਾਰ ਦਿੱਤਾ ਹੈ ਪਰ ਸ੍ਰੀ ਬਰਾੜ ਲਈ ਇਹ ਦੌੜ ਸੌਖੀ ਨਹੀਂ ਹੋਵੇਗੀ। ਕੁਝ ਦਿਨ ਪਹਿਲਾਂ ਸਿਕੰਦਰ ਸਿੰਘ ਮਲੂਕਾ ਨੇ ਮੌੜ ਹਲਕੇ ਤੋਂ ਟਿਕਟ ਲਈ ਦਾਅਵੇਦਾਰੀ ਪੇਸ਼ ਕਰਦਿਆਂ ਸ਼੍ਰੋਮਣੀ ਅਕਾਲੀ ਦੀ ਹਾਈ ਕਮਾਨ ਨੂੰ ਟਿਕਟ ਦੇਣ ਦੀ ਅਪੀਲ ਕੀਤੀ ਸੀ। ਕੀ ਜਗਮੀਤ ਬਰਾੜ ਮੌੜ ਹਲਕੇ ਦੀ ਦੌੜ ਵਿਚ ਕਾਮਯਾਬ ਹੋਣਗੇ, ਕਿਉਂਕਿ ਇਸ ਹਲਕੇ ਅੰਦਰ ਕਿਸਾਨ ਜਥੇਬੰਦੀਆਂ ਦਾ ਵੀ ਕਾਫ਼ੀ ਵੱਡਾ ਕਾਡਰ ਅਤੇ ਅੱਜ ਸ੍ਰੀ ਬਰਾੜ ਨੂੰ ਹਲਕੇ ਦੇ ਪਿੰਡਾਂ ਵਿਚ ਕਿਸਾਨਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ। ਉਪਰੋਂ ਸਿਕੰਦਰ ਸਿੰਘ ਮਲੂਕਾ ਦੇ ਸਮਰਥਕਾਂ ਵੱਲੋਂ ਬਰਾੜ ਨੂੰ ਟਿਕਟ ਮਿਲਣ ਤੋਂ ਬਾਅਦ ਵੱਟੀ ਚੁੱਪ ਵੀ ਕਾਫ਼ੀ ਕੁਝ ਬਿਆਨ ਰਹੀ ਹੈ। ਹਲਕੇ ਮੌੜ ਹਲਕੇ ਨੂੰ ਹਮੇਸ਼ਾ ਨਵੇਂ ਉਮੀਦਵਾਰ ਲਈ ਟ੍ਰੇਨਿੰਗ ਸਕੂਲ ਵੀ ਕਿਹਾ ਜਾਂਦਾ ਹੈ, ਕਿਉਂਕਿ ਕਾਂਗਰਸ ਅਤੇ ਅਕਾਲੀ ਦਲ ਨੇ ਹਮੇਸ਼ਾ ਇਸ ਹਲਕੇ ਤੋਂ ਨਵੇਂ ਉਮੀਦਵਾਰਾਂ ਨੂੰ ਪਰਖਦੇ ਆ ਰਹੇ ਹਨ। ਜ਼ਿਕਰਯੋਗ ਹੈ ਕਿ ਮੌੜ ਵਿਧਾਨ ਸਭਾ ਹਲਕਾ 2009 ਵਿਚ ਹੋਂਦ ਵਿਚ ਆਇਆ ਸੀ। ਇਸ ਤੋਂ ਪਹਿਲਾਂ ਇਹ ਤਲਵੰਡੀ ਸਾਬੋ ਅਤੇ ਜੋਗਾ ਵਿਧਾਨ ਸਭਾ ਹਲਕੇ ਦਾ ਹਿੱਸਾ ਹੋਇਆ ਕਰਦਾ ਸੀ।
ਇਹ ਹਲਕਾ ਪਹਿਲੀ ਵਾਰ 2012 ਵਿਧਾਨ ਸਭਾ ਚੋਣਾਂ ਲਈ ਚੋਣ ਦੰਗਲ ਬਣਿਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਜਨਮੇਜਾ ਸਿੰਘ ਸੇਖੋਂ ਨੂੰ ਇਥੋਂ ਚੋਣ ਮੈਦਾਨ ਵਿਚ ਉਤਾਰਿਆ ਅਤੇ ਕਾਂਗਰਸ ਨੇ ਮੰਗਤ ਰਾਏ ਬਾਂਸਲ ਨੂੰ ਟਿਕਟ ਦਿੱਤੀ ਸੀ ਪਰ ਸ੍ਰੀ ਸੇਖੋਂ ਇਸ ਹਲਕੇ ਤੋਂ ਬਾਜ਼ੀ ਮਾਰ ਗਏ ਸਨ। ਇਸ ਤੋਂ ਬਾਅਦ 2017 ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੇਵ ਸਿੰਘ ਕਮਾਲੂ ਕੋਲੋਂ ਸ੍ਰੀ ਸੇਖੋਂ ਹਾਰ ਗਏ ਸਨ। ਹੁਣ ਅਕਾਲੀ ਦਲ ਨੇ ਜਗਮੀਤ ਸਿੰਘ ਬਰਾੜ ਨੂੰ ਇਥੋਂ ਟਿਕਟ ਦਿੱਤੀ ਹੈ। ਹਾਲਾਂਕਿ ਮਲੂਕਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਜਿਥੇ ਵੀ ਉਨ੍ਹਾਂ ਦੀ ਡਿਊਟੀ ਲਾਉਣਗੇ ਉਹ ਦਿਨ ਰਾਤ ਕੰਮ ਕਰਨਗੇ ਪਰ ਜਿਸ ਤਰੀਕੇ ਨਾਲ ਮਲੂਕਾ ਸਮਰਥਕਾਂ ਨੇ ਜਗਮੀਤ ਬਰਾੜ ਨੂੰ ਟਿਕਟ ਮਿਲਣ ਤੋਂ ਬਾਅਦ ਚੁੱਪ ਵੱਟੀ ਹੈ, ਕੀ ਸ੍ਰੀ ਮਲੂਕਾ, ਸ੍ਰੀ ਬਰਾੜ ਦੀ ਮਦਦ ਕਰਨਗੇ।
ਜਗਮੀਤ ਬਰਾੜ ਨੇ ਮਲੂਕਾ ਨੂੰ ਪਾਈ ਜੱਫੀ
ਬਠਿੰਡਾ : ਹਲਕਾ ਮੌੜ ਤੋਂ ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਜਗਮੀਤ ਸਿੰਘ ਬਰਾੜ ਨੇ ਅੱਜ ਸ਼ਾਮ ਸਾਬਕਾ ਪੰਚਾਇਤ ਮੰਤਰੀ ਸ਼ਿੰਕਦਰ ਸਿੰਘ ਮਲੂਕਾ ਨਾਲ ਉਨ੍ਹਾਂ ਦੇ ਗ੍ਰਹਿ ਮੀਟਿੰਗ ਕੀਤੀ ਕਰਕੇ ਉਨ੍ਹਾਂ ਨੂੰ ਜੱਫੀ ਪਾਈ ਅਤੇ ‘ਸਭ ਅੱਛਾ’ ਹੋਣ ਦੇ ਸੰਕੇਤ ਦਿੱਤੇ। ਅੱਜ ਹੋਈ ਬਰਾੜ ਅਤੇ ਮਲੂਕਾ ਦੀ ਹੋਈ ਰਸਮੀ ਮੁਲਕਾਤ ਦੀ ਪੁਸ਼ਟੀ ਸ੍ਰੀ ਮਲੂਕਾ ਦੇ ਮੀਡੀਆ ਇੰਚਾਰਜ ਰਤਨ ਦੇਵ ਸ਼ਰਮਾ ਨੇ ਕੀਤੀ ਹੈ। ਜ਼ਿਕਰਯੋਗ ਹੈ ਕਿ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਹਲਕਾ ਮੌੜ ਤੋਂ ਚੋਣ ਲੜਨ ਦੇ ਦਾਅਵੇਦਾਰ ਸਨ ਅਤੇ ਪਾਰਟੀ ਨੇ ਇਸ ਹਲਕੇ ਤੋਂ ਟਿਕਟ ਜਗਮੀਤ ਸਿੰਘ ਬਰਾੜ ਦੇਣ ਕਾਰਨ ਮਲੂਕਾ ਖੇਮੇ ਵਿਚ ਨਿਰਾਸ਼ਾ ਦਾ ਆਲਮ ਸੀ। ਅੱਜ ਸ੍ਰੀ ਬਰਾੜ ਨੇ ਮਲੂਕਾ ਨਾਲ ਮਿਲਣੀ ਕਰਦਿਆਂ ਸਭ ਅੱਛਾ ਹੋਣ ਦੇ ਸੰਕੇਤ ਦਿੱਤੇ ਹਨ। ਇਸ ਦੌਰਾਨ ਜਗਮੀਤ ਸਿੰਘ ਬਰਾੜ ਦੇ ਆਫਿਸ ਸੈਕਟਰੀ ਹਨੀਸ਼ ਜੱਸੀ ਨੇ ਅੱਜ ਦੀ ਮੁਲਕਾਤ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਮਲੂਕਾ ਨਾਲ ਚੰਗੀ ਗੱਲਬਾਤ ਹੋਈ ਹੈ ਅਤੇ ਉਨ੍ਹਾਂ ਪੂਰਾ ਸਹਿਯੋਗ ਦੇਣ ਦੀ ਗੱਲ ਕਹੀ।