ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 4 ਸਤੰਬਰ
ਖੇਤ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ ਨੂੰ ਕਥਿਤ ਹਿਰਾਸਤ ’ਚ ਲੈਣ ਲਈ ਜੈਤੋ ਤੋਂ ਤਿੰਨ ਕਿਲੋਮੀਟਰ ਦੂਰ ਪਿੰਡ ਸੇਵੇਵਾਲਾ ’ਚ ਪੁਲੀਸ ਨੇ ਛਾਪੇਮਾਰੀ ਕੀਤੀ। ਸ੍ਰੀ ਸੇਵੇਵਾਲਾ ਘਰ ’ਚ ਮੌਜੂਦ ਨਾ ਹੋਣ ਕਰਕੇ ਗ੍ਰਿਫ਼ਤਾਰੀ ਸੰਭਵ ਨਹੀਂ ਹੋ ਸਕੀ। ਇਹ ਖੁਲਾਸਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਨੇ ‘ਪੰਜਾਬੀ ਟ੍ਰਿਬਿਊਨ’ ਕੋਲ ਕੀਤਾ। ਉਨ੍ਹਾਂ ਦੱਸਿਆ ਕਿ ਲਛਮਣ ਸਿੰਘ ਤੋਂ ਇਲਾਵਾ ਯੂਨੀਅਨ ਆਗੂ ਤੀਰਥ ਸਿੰਘ ਕੋਠਾ ਗੁਰੂ ਦੇ ਘਰ ਵੀ ਪੁਲੀਸ ਦਾ ਛਾਪਾ ਪਿਆ ਹੈ। ਦੱਸ ਦੇਈਏ ਕਿ ਲੰਬੀ ਹਲਕੇ ਦੇ ਪਿੰਡ ਮਿਠੜੀ ਬੁੱਧ ਸਿੰਘ ’ਚ ਇਕ ਦਲਿਤ ਨਾਬਾਲਿਗ ਬੱਚੀ ਨਾਲ ਹੋਏ ਕਥਿਤ ਜਬਰ-ਜਨਾਹ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਸੰਘਰਸ਼ ਲੜਿਆ ਜਾ ਰਿਹਾ ਹੈ। ਉਸੇ ਕੜੀ ਤਹਿਤ ਜਥੇਬੰਦੀ ਵੱਲੋਂ 7 ਸਤੰਬਰ ਨੂੰ ਲੰਬੀ ਥਾਣੇ ਅੱਗੇ ਧਰਨੇ ਦਾ ਪ੍ਰੋਗਰਾਮ ਉਲੀਕਿਆ ਹੋਇਆ ਹੈ।
ਲਛਮਣ ਸਿੰਘ ਸੇਵੇਵਾਲਾ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਹਨ। ਜ਼ਿਕਰਯੋਗ ਹੈ ਕਿ ਮਜ਼ਦੂਰ ਮੰਗਾਂ ਸਬੰਧੀ ਜਥੇਬੰਦੀ ਨੇ 25 ਅਗਸਤ ਨੂੰ ਬਠਿੰਡੇ ਵਿਖਾਵਾ ਕੀਤਾ ਸੀ।
ਪ੍ਰਸ਼ਾਸਨ ਨੇ ਇਸ ਵਿਖਾਵੇ ਨੂੰ ਗ਼ੈਰ-ਕਾਨੂੰਨੀ ਕਰਾਰ ਦਿੰਦਿਆਂ ਕੋਵਿਡ-19 ਨਾਲ ਸਬੰਧਿਤ ਪਾਬੰਦੀਆਂ ਤਹਿਤ ਵੱਖ-ਵੱਖ ਧਾਰਾਵਾਂ ਤਹਿਤ ਸ੍ਰੀ ਸੇਵੇਵਾਲਾ ਸਮੇਤ ਕਰੀਬ ਇਕ ਸੈਂਕੜਾ ਵਿਖਾਵਾਕਾਰੀਆਂ ’ਤੇ ਪਰਚਾ ਦਰਜ ਕੀਤਾ ਸੀ। ਅੱਜ ਦੀ ਛਾਪੇਮਾਰੀ ਨੂੰ ਵੀ 7 ਸਤੰਬਰ ਦੇ ਪ੍ਰਦਰਸ਼ਨ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਜ਼ੋਰਾ ਸਿੰਘ ਨਸਰਾਲੀ ਨੇ ਛਾਪੇਮਾਰੀ ਨੂੰ ਲੰਬੀ ਦੇ ਪ੍ਰਦਰਸ਼ਨ ਨੂੰ ਤਾਰਪੀਡੋ ਕਰਨ ਦੀ ਸਾਜਿਸ਼ ਦੱਸਿਆ ਹੈ।