ਸ਼ਗਨ ਕਟਾਰੀਆ
ਬਠਿੰਡਾ, 23 ਸਤੰਬਰ
ਖੇਤਰ ’ਚ ਅੱਜ ਕਰੀਬ ਦੋ ਘੰਟੇ ਹੋਈ ‘ਇੰਦਰ ਦੀ ਮਿਹਰ’ ਨੇ ਮੀਂਹ ਮੰਗਦੇ ਲੋਕਾਂ ਦੇ ਹੱਥਾਂ ਖੜ੍ਹੇ ਕਰਵਾ ਦਿੱਤੇ। ਬਗ਼ੈਰ ਧਮਕ-ਚਮਕ ਤੋਂ ਬਰਸਾਤ ਇੰਨੀ ਤੇਜ਼ ਸੀ ਕਿ ਪਾਣੀ ਘਰਾਂ ਅੰਦਰ ਵੜ ਗਿਆ। ਸ਼ਹਿਰ ਦਾ ਕੇਂਦਰੀ ਇਲਾਕਾ ਉੱਚਾ ਹੋਣ ਸਦਕਾ ਸਮੁੰਦਰੀ ਟਾਪੂ ਵਾਂਗ ਬਚਿਆ ਰਿਹਾ ਪਰ ਇਰਦ-ਗਿਰਦ ਦੇ ਨੀਵੇਂ ਏਰੀਏ ਨੂੰ ਪਾਣੀ ਨੇ ਗ੍ਰਿਫ਼ਤ ਵਿਚ ਲੈ ਲਿਆ।
ਬਰਸਾਤ ਇਸ ਕਦਰ ਸੀ ਕਿ ਜਿੱਥੇ ਕਦੇ ਵੀ ਪਾਣੀ ਨਹੀਂ ਸੀ ਰੁਕਿਆ, ਛੱਲਾਂ ਉਥੇ ਵੀ ਕਾਬਜ਼ ਹੋ ਗਈਆਂ। ਮਾਰਕੀਟ ਸੁਧਾਰ ਕਮੇਟੀ ਦੇ ਪ੍ਰਧਾਨ ਰਾਕੇਸ਼ ਕੁਮਾਰ ਘੋਚਾ ਨੇ ਇਸ ਸਥਿਤੀ ਨੂੰ ਪ੍ਰਸ਼ਾਸਨ ਦੀ ‘ਨਲਾਇਕੀ’ ਦੱਸਿਆ। ‘ਨਿਊ ਆਰ.ਵੀ. ਸ਼ਾਂਤੀ ਨਗਰ ਵੈਲਫ਼ੇਅਰ ਸੁਸਾਇਟੀ’ ਦੇ ਵਿੱਤ ਸਕੱਤਰ ਰਮੇਸ਼ ਕਾਂਸਲ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਆਧੁਨਿਕ ਕਲੋਨੀ ’ਚ ਕਦੇ ਪਾਣੀ ਨਹੀਂ ਰੁਕਿਆ ਸੀ ਪਰ ਇਸ ਮੀਂਹ ਨੇ ਤੌਬਾ ਕਰਵਾ ਦਿੱਤੀ। ਠੇਕੇਦਾਰ ਵੀਰ ਚੰਦ ਗੁਪਤਾ ਨੇ ਕਿਹਾ ਕਿ ਸੀਵਰੇਜ ਨਿਕਾਸ ਦਾ ਆਏ ਦਿਨ ਬੇੜਾ ਬੈਠਣ ਕਾਰਨ ਇਹ ਹਾਲਾਤ ਉਪਜੇ ਹਨ। ਕਿਸਾਨੀ ਕਿੱਤੇ ਪ੍ਰਤੀ ਸੁਹਿਰਦ ਕਾਸ਼ਤਕਾਰ ਪ੍ਰਗਟ ਬਰਾੜ ਨੇ ਦੱਸਿਆ ਕਿ ਨਰਮੇ ਦੀ ਕਾਸ਼ਤ ਜੈਤੋ ਖੇਤਰ ’ਚ ਬਹੁਤ ਘੱਟ ਹੈ ਪਰ ਝੋਨੇ ਦੀ ਫ਼ਸਲ ਤੇਜ਼ ਹਵਾ ਨਾ ਹੋਣ ਸਦਕਾ ਬਚ ਗਈ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਖੇਤਾਂ ’ਚ ਪਾਣੀ ਦੇ ਵਹਾਅ ਦੀ ਰੁਕਾਵਟ ਸੀ, ਸਬਜ਼ੀਆਂ ਅਤੇ ਚਾਰੇ ਨੂੰ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਦੱਸਿਆ ਕਿ ਕੁੱਲ ਮਿਲਾ ਕੇ ਮੀਂਹ ਦਾ ਖੇਤੀ ਲਈ ਨੁਕਸਾਨ ‘ਨਾਂਹ’ ਬਰਾਬਰ ਹੈ।
ਬਰਨਾਲਾ (ਰਵਿੰਦਰ ਰਵੀ): ਸ਼ਹਿਰ ’ਚ ਵਿਕਾਸ ਕਾਰਜਾਂ ਦੇ ਪਿੱਟੇ ਜਾ ਰਹੇ ਢਡੋਰੇ ਦੀ ਪੋਲ ਮੀਂਹ ਨੇ ਖੋਲ ਦਿੱਤੀ ਹੈ। ਸੀਵਰੇਜ ਵਿਭਾਗ ਦੇ ਅਧਿਕਾਰੀਆਂ ਦੀ ਕਥਿਤ ਨਲਾਇਕੀ ਕਾਰਨ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਤੇ ਬਾਜ਼ਾਰ ’ਚ ਗੋਡੇ-ਗੋਡੇ ਪਾਣੀ ਭਰ ਗਿਆ। ਅਜਿਹੇ ਵਿਚ 100 ਕਰੋੜੀ ਸੀਵਰੇਜ ਪ੍ਰਾਜੈਕਟ ਪਾਣੀ ਪਾਣੀ ਹੋ ਗਿਆ। ਸ਼ਹਿਰ ਦੇ ਤਿੰਨੇ ਮੇਨ ਬਜ਼ਾਰਾਂ ਤੋਂ ਇਲਾਵਾ ਬੱਸ ਸਟੈਂਡ ਰੋਡ ਪੱਤੀ ਰੋਡ ਫੁਹਾਰ ਚੌਕ ਕੇਸੀ ਰੋਡ, ਰਾਮਬਾਗ ਰੋਡ, ਕਾਲਜ ਰੋਡ, ਜੰਡਾ ਵਾਲਾ ਰੋਡ ਆਦਿ ਉਪਰ ਗੋਡੇ-ਗੋਡੇ ਮੀਂਹ ਦਾ ਪਾਣੀ ਖੜ੍ਹਨ ਕਰਕੇ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਬੱਸ ਸਟੈਂਡ ਰੋਡ ’ਤੇ ਫੁਹਾਰਾ ਚੌਕ ਕਈ ਰਾਹਗੀਰ ਡਿੱਗ ਪਏ। ਕੌਂਸਲ ਪ੍ਰਧਾਨ ਰਾਮਨਿਵਾਸੀਆ ਅਤੇ ਉੱਪ ਪ੍ਰਧਾਨ ਨਰਿੰਦਰ ਗਰਗ ਨੇ ਕਿਹਾ ਕਿ ਬਰਸਾਤ ਜ਼ਿਆਦਾ ਹੋਣ ਨਾਲ ਨਿਕਾਸੀ ’ਚ ਦਿੱਕਤ ਆਈ ਹੈ। ਸੀਵਰੇਜ ਵਿਭਾਗ ਦਾ ਪੱਖ ਜਾਨਣ ਲਈ ਐਸਡੀਓ ਰਾਜਿੰਦਰ ਕੁਮਾਰ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਸੀ।
ਸਰਦੂਲਗੜ੍ਹ (ਬਲਜੀਤ ਸਿੰਘ): ਮਾਨਸਾ-ਸਿਰਸਾ ਕੌਮੀ ਮਾਰਗ ਤੇ ਮੀਂਹ ਦਾ ਪਾਣੀ ਖੜ੍ਹ ਜਾਣ ਕਰਕੇ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਫੱਤਾ ਮਾਲੋਕਾ ਅਤੇ ਸਰਦੂਲੇਵਾਲਾ ਬੱਸ ਅੱਡੇ ਦੇ ਨਜਦੀਕ ਸਰਦੂਲਗੜ੍ਹ ਵੱਲ ਸੜਕ ਨੀਵੀਂ ਹੋਣ ਕਰਕੇ ਮੀਂਹ ਦਾ ਪਾਣੀ ਇਕੱਠਾ ਹੋਕੇ ਇਸ ਸੜਕ ’ਤੇ ਖੜ੍ਹ ਜਾਂਦਾ ਹੈ। ਲੋਕਾਂ ਦੀ ਮੰਗ ਹੈ ਕਿ ਸੜਕ ’ਤੇ ਖੜ੍ਹੇ ਪਾਣੀ ਦਾ ਸਥਾਈ ਹੱਲ ਕੀਤਾ ਜਾਵੇ।
ਏਲਨਾਬਾਦ (ਪੱਤਰ ਪ੍ਰੇਰਕ): ਖੇਤਰ ਵਿੱਚ ਅੱਜ ਲਗਾਤਾਰ ਤੀਜੇ ਦਿਨ ਪਏ ਮੀਂਹ ਕਾਰਨ ਸ਼ਹਿਰ ਨੇ ਤਲਾਬ ਦਾ ਰੂਪ ਧਾਰਨ ਕਰ ਲਿਆ ਇਸ ਕਾਰਨ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਬੇਮੌਸਮੀ ਵਰਖਾ ਕਾਰਨ ਨਰਮੇ-ਕਪਾਹ ਦੇ ਟੀਂਡੇ ਗਲਣੇ ਸ਼ੁਰੂ ਹੋ ਜਾਣਗੇ ਜਿਸ ਨਾਲ ਕਿਸਾਨਾਂ ਦਾ ਭਾਰੀ ਆਰਥਿਕ ਨੁਕਸਾਨ ਹੋਵੇਗਾ।
ਧਨੌਲਾ (ਪੁਨੀਤ ਮੈਨਨ): ਵੀਰਵਾਰ ਸਵੇਰ ਤੋਂ ਰੁਕ ਰੁਕ ਪੈ ਰਹੇ ਮੀਂਹ ਕਾਰਨ ਜਿੱਥੇ ਲੋਕਾਂ ਨੇ ਤਿੱਖੀ ਧੁੱਪ ਤੋਂ ਰਾਹਤ ਮਹਿਸੂਸ ਕੀਤੀ, ਉੱਥੇ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਤੇ ਗਲੀਆਂ ਚ ਜਲਥਲ ਹੋਣ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਲਕਾ ਬਰਨਾਲਾ ਦੇ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਵਿਕਾਸ ਕਾਰਜਾਂ ਦੇ ਨਾਂ ਤੇ ਕਰੋੜਾ ਰੁਪਏ ਖਰਚ ਕੀਤੇ ਜਾਣ ਦੇ ਬਾਵਜੂਦ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।