ਸ਼ਗਨ ਕਟਾਰੀਆ/ ਮਨੋਜ ਸ਼ਰਮਾ
ਬਠਿੰਡਾ, 5 ਜੁਲਾਈ
ਲੰਘੀ ਰਾਤ ਬਠਿੰਡਾ ਅਤੇ ਆਸ-ਪਾਸ ਦੇ ਖੇਤਰਾਂ ’ਚ ਪਏ ਦਰਮਿਆਨੇ ਮੀਂਹ ਨੇ ਹੁੰਮਸ ਭਰੀ ਗਰਮੀ ਤੋਂ ਲੋਕਾਂ ਨੂੰ ਰਾਹਤ ਦਿਵਾਈ। ਅੰਮ੍ਰਿਤ ਬਣ ਕੇ ਫ਼ਸਲਾਂ ’ਤੇ ਵਰ੍ਹੇ ਮੀਂਹ ਨੇ ਅੰਨਦਾਤਿਆਂ ਦੇ ਚਿਹਰਿਆਂ ’ਤੇ ਖੇੜਾ ਲੈ ਆਉਂਦਾ। ਉਂਜ, ਮੀਂਹ ਨਾਲ ਚੱਲੇ ਝੱਖੜ ਨੇ ਨਗਰ ਨਿਗਮ ਦੀਆਂ ਥਾਵਾਂ ਅਤੇ ਬਠਿੰਡਾ ਨਹਿਰ ਦੇ ਕੰਢਿਆਂ ’ਤੇ ਲੱਗੇ ਵੱਡੀ ਗਿਣਤੀ ’ਚ ਰੁੱਖਾਂ ਦੀ ਬਲੀ ਲੈ ਲਈ। ਲੰਘੀ ਦੇਰ ਰਾਤ ਅਚਾਨਕ ਵਰ੍ਹੇ ਭਰਵੇਂ ਮੀਂਹ ਨੇ ਲੋਕਾਂ ਨੂੰ ਹੁੰਮਸ ਵਾਲੀ ਗਰਮੀ ਤੋਂ ਨਿਜ਼ਾਤ ਦੁਆਈ। ਉਂਜ ਵੀ ਸ਼ਨਿੱਚਰਵਾਰ ਨੂੰ ਬਠਿੰਡਾ ਦਾ ਪਾਰਾ ਪੰਜਾਬ ਭਰ ’ਚੋਂ ਸਭ ਤੋਂ ਉੱਚਾ 42 ਡਿਗਰੀ ਦੱਸਿਆ ਗਿਆ ਸੀ। ਮੌਸਮ ਵਿਭਾਗ ਅਨੁਸਾਰ ਬਠਿੰਡਾ ’ਚ 33, ਰਾਮਪੁਰਾ ’ਚ 19, ਤਲਵੰਡੀ ਸਾਬੋ ’ਚ 12.6 ਅਤੇ ਮੌੜ ਖੇਤਰ ਵਿੱਚ ਸਭ ਤੋਂ ਵੱਧ 83 ਐਮ.ਐਮ. ਬਾਰਿਸ਼ ਹੋਈ।
ਮੀਂਹ ਅਤੇ ਝੱਖੜ ਨੇ ਬਠਿੰਡਾ ਸ਼ਹਿਰ ਦੇ ਪਰਸ ਰਾਮ ਨਗਰ, ਗੋਪਾਲ ਨਗਰ, ਜਨਤਾ ਨਗਰ, ਅਰਜਨ ਨਗਰ ਸਮੇਤ ਕਈ ਖੇਤਰਾਂ ਦੀ ਬੱਤੀ ਗੁੱਲ ਕਰ ਦਿੱਤੀ। ਆਮ ਲੋਕਾਂ ਨੇ ਗਿਲ਼ਾ ਕੀਤਾ ਕਿ ਪਾਵਰਕੌਮ ਨੇ ਅਫ਼ਸਰਾਂ ਦੀਆਂ ਰਿਹਾਇਸ਼ਗਾਹਾਂ ਦੀ ਠੱਪ ਬਿਜਲੀ ਨੂੰ ਚਾਲੂ ਕਰਨ ਨੂੰ ਤਾਂ ਤਰਜੀਹ ਬਣਾਇਆ ਪਰ ਸਾਧਾਰਣ ਵਸੋਂ ਵਾਲੇ ਖੇਤਰਾਂ ਦੀ ਬਿਜਲੀ 12 ਘੰਟੇ ਤੋਂ ਵੀ ਵੱਧ ਸਮਾਂ ਠੀਕ ਨਹੀਂ ਕੀਤੀ ਗਈ। ਆਈਜੀ ਦੀ ਕੋਠੀ ਅੱਗੇ ਡਿੱਗੇ ਦਰੱਖ਼ਤਾਂ ਨੂੰ ਚੁੱਕਣ ਲਈ ਸਰਕਾਰੀ ਅਮਲਾ ਫੈਲਾ ਪੱਬਾਂ ਭਾਰ ਰਿਹਾ। ਤੇਜ਼ ਮੀਂਹ ਨੇ ਸ਼ਹਿਰ ਦੀਆਂ ਸੜਕਾਂ ਜਲ-ਥਲ ਕਰ ਦਿੱਤੀਆਂ। ਇਸ ਦੌਰਾਨ ਸ਼ਹਿਰ ਦੇ ਨੀਵੇਂ ਖੇਤਰਾਂ ਵਿੱਚ ਪਾਣੀ ਭਰ ਗਿਆ। ਇੱਥੇ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਨਗਰ ਨਿਗਰ ਨਿਗਮ ਆਏ ਸਾਲ ਸ਼ਹਿਰ ਦੇ ਸੀਵਰੇਜ ਤੇ ਮੀਂਹ ਦੇ ਪਾਣੀ ਨੂੰ ਕੱਢਣ ਲਈ ਕਰੋੜਾਂ ਰੁਪਏ ਦਾ ਬਜਟ ਪਾਸ ਕਰਦਾ ਹੈ ਪਰ ਬਠਿੰਡਾ ਦੀ ਸਥਿਤੀ ਵਿੱਚ ਕੋਈ ਬਹੁਤਾ ਫ਼ਰਕ ਨਹੀਂ ਪਿਆ। ਬੀਤੀ ਰਾਤ ਪਏ ਮੀਂਹ ਕਾਰਨ ਜਿੱਥੇ ਕਿਸਾਨਾਂ ਦੇ ਚਿਹਰੇ ਖਿੜ੍ਹੇ ਰਹੇ, ਉੱਥੇ ਗਰਮੀ ਤੋਂ ਰਾਹਤ ਮਿਲੀ ਪਰ ਤਲਵੰਡੀ ਖੇਤਰ ਦੇ ਇੱਕ ਅਧਿਆਪਕ ਵੱਲੋਂ ਕੀਤੀ ਗਈ ਸਬਜ਼ੀਆਂ ਦੀ ਖੇਤੀ ਰਾਸ ਨਹੀਂ ਆਈ ਅਤੇ ਤੇਜ਼ ਝੱਖੜ ਨੇ ਸਾਰੀ ਫ਼ਸਲ ਤਬਾਹ ਕਰ ਦਿੱਤੀ।
ਮਾਨਸਾ (ਜੋਗਿੰਦਰ ਸਿੰਘ ਮਾਨ): ਰਾਤ ਸਮੇਂ ਆਏ ਤੇਜ਼ ਝੱਖੜ ਤੋਂ ਬਾਅਦ ਪਏ ਭਾਰੀ ਮੀਂਹ ਨੇ ਖੇਤਾਂ ਨੂੰ ਪਾਣੀ ਨਾਲ ਭਰ ਦਿੱਤਾ। ਕਿਸਾਨ ਮੋਟਰਾਂ ਬੰਦ ਕਰ ਕੇ ਪਛੇਤੇ ਝੋਨੇ ਅਤੇ ਅਗੇਤੀ ਬਾਸਮਤੀ ਦੀ ਲਵਾਈ ’ਚ ਰੁਝ ਗਏ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮੀਂਹ ਨੇ ਸਾਉਣੀ ਦੀਆਂ ਸਾਰੀਆਂ ਫ਼ਸਲਾਂ, ਸਬਜ਼ੀਆਂ ਅਤੇ ਹਰੇ ਚਾਰੇ ਨੂੰ ਅੱਜ ਤੋਂ ਹੀ ਵਾਧੇ ਵਾਲੇ ਪਾਸੇ ਤੋਰ ਦੇਣਾ ਹੈ।
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਇਲਾਕੇ ਅੰਦਰ ਲੰਘੀ ਰਾਤ ਹੋਈ ਤੇਜ਼ ਬਾਰਿਸ਼ ਤੋਂ ਬਾਅਦ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਖੇਤੀ ਮਾਹਿਰਾਂ ਨੇ ਕਿਹਾ ਕਿ ਹੋਈ ਤੇਜ਼ ਬਾਰਿਸ਼ ਝੋਨੇ ਦੀ ਫ਼ਸਲ ਲਈ ਲਾਹੇਵੰਦ ਸਾਬਿਤ ਹੋਈ ਹੈ।
ਦਰੱਖਤ ਅਤੇ ਬਿਜਲੀ ਦੇ ਖੰਭੇ ਡਿੱਗੇ
ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ): ਪਿੰਡ ਅਲੀਕਾਂ, ਭੀਵਾਂ, ਝੋਰੜਰੋਹੀ, ਭਾਦੜਾ, ਵੀਰੂਵਾਲਾ ਗੁੜਾ, ਸੁਖਚੈਨ, ਸੂਬਾਖੇੜਾ, ਡੋਂਗਰਾਂਵਾਲੀ, ਖਿਓਵਾਲੀ ਅਤੇ ਮੰਡੀ ਕਾਲਾਂਵਾਲੀ ਸਮੇਤ ਅਨੇਕ ਪਿੰਡਾਂ ਵਿੱਚ ਬੀਤੀ ਰਾਤ ਅਚਾਨਕ ਆਏ ਮੀਂਹ ਅਤੇ ਝੱਖੜ ਨਾਲ ਵੱਡੀ ਗਿਣਤੀ ‘ਚ ਦਰੱਖਤ ਅਤੇ ਬਿਜਲੀ ਦੇ ਖੰਭੇ ਡਿੱਗਣ ਨਾਲ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਪਿੰਡ ਵੀਰੂਵਾਲਾ ਗੁੜਾ ਦੇ ਕਿਸਾਨ ਗੁਰਜੰਟ ਸਿੰਘ ਦੇ ਘਰ ਵਿੱਚ ਇੱਕ ਕੰਧ ਵੀ ਇਸ ਝੱਖੜ ਕਾਰਨ ਡਿੱਗ ਪਈ ਹੈ। ਝੱਖੜ ਕਾਰਨ ਸੜਕਾਂ ਕਿਨਾਰੇ ਲੱਗੇ ਰੁੱਖ ਡਿੱਗਣ ਕਾਰਨ ਆਵਾਜਾਈ ਠੱਪ ਹੋ ਕੇ ਰਹਿ ਗਈ ਜਿਸ ਕਰਕੇ ਸੜਕਾਂ ਅਤੇ ਕੱਚੇ ਰਸਤਿਆਂ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਕਈ ਪਿੰਡਾਂ ਵਿੱਚ ਨੀਵੇਂ ਖੇਤਰਾਂ ਵਿੱਚ ਪਾਣੀ ਭਰ ਜਾਣ ਨਾਲ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।