ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 3 ਅਕਤੂਬਰ
ਪੰਜਾਬ ਸਟੂਡੈਂਟਸ ਯੂਨੀਅਨ ਨੇ ਮੋਗੇ ਦੇ ‘ਰੀਗਲ ਸਿਨੇਮਾ ਕਾਂਡ’ ਦੀ ਅੱਜ 50ਵੀਂ ਵਰ੍ਹੇਗੰਢ ਮੌਕੇ ਇਥੇ ਸਰਕਾਰੀ ਰਾਜਿੰਦਰਾ ਕਾਲਜ ’ਚ ਰੈਲੀ ਕਰਕੇ ਉਦੋਂ ਸ਼ਹੀਦ ਹੋਏ ਵਿਦਿਆਰਥੀਆਂ ਦੀ ਸੋਚ ਨੂੰ ਅੱਗੇ ਵਧਾਉਣ ਦਾ ਅਹਿਦ ਲਿਆ। 7 ਅਕਤੂਬਰ ਨੂੰ ਮੋਗਾ ’ਚ ਇਸ ਸਬੰਧ ’ਚ ਪੀਐਸਯੂ ਵੱਲੋਂ ਕੀਤੀ ਜਾ ਰਹੀ ਮਹਾ ਰੈਲੀ ’ਚ ਵਿਦਿਆਰਥੀਆਂ ਨੂੰ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਤੋਂ ‘ਤਰੁਟੀ ਫੀਸ’ ਦੀ ਵਸੂਲੀ ਬੰਦ ਕਰਨ ਅਤੇ ਪੈਂਡਿੰਗ ਮਾਮਲਿਆਂ ਦੇ ਨਿਪਟਾਰੇ ਲਈ ਰੀਜਨਲ ਸੈਂਟਰ ਬਠਿੰਡਾ ਵਿੱਚ ਪੰਜਾਬੀ ਯੂਨੀਵਰਸਿਟੀ ਵੱਲੋਂ ਐਡਮਿਨ ਬਲਾਕ ਦੀ ਸਥਾਪਨਾ ਦੀ ਮੰਗ ਚੁੱਕੀ ਗਈ। ਅਜਿਹਾ ਨਾ ਹੋਣ ’ਤੇ ਵਿਦਿਆਰਥੀਆਂ ਨੇ 11 ਅਕਤੂਬਰ ਨੂੰ ਕਾਲਜ ਦੇ ਗੇਟ ’ਤੇ ਧਰਨਾ ਲਾਉਣ ਦਾ ਐਲਾਨ ਕੀਤਾ। ਯੂਨੀਅਨ ਦੇ ਜ਼ਿਲ੍ਹਾ ਆਗੂ ਰਜਿੰਦਰ ਸਿੰਘ, ਗੁਰਪ੍ਰੀਤ ਕੋਟਭਾਈ, ਭਿੰਦਰ ਰਾਮਨਗਰ, ਗਗਨ ਕੋਟਭਾਈ, ਗੁਰਪਾਲ ਬਠਿੰਡਾ, ਅਕਾਸ਼ਦੀਪ ਕੋਟਭਾਈ, ਮਨਪ੍ਰੀਤ ਕੌਰ, ਜਗਜੀਤ ਸਿੰਘ ਅਤੇ ਅਮਨ ਮਾਨਸਾ ਨੇ ਕਿਹਾ ਕਿ 1972 ਦਾ ਮੋਗਾ ਗੋਲੀ ਕਾਂਡ ‘ਵਿਦਿਆਰਥੀ ਲਹਿਰ’ ਦਾ ਸ਼ਾਨਾਮੱਤਾ ਇਤਿਹਾਸ ਹੈ ਅਤੇ ਅੱਜ ਵੀ ਡੂੰਘੇ ਆਰਥਿਕ-ਸਮਾਜਿਕ ਸੰਕਟ ’ਚ ਫਸੇ ਪੰਜਾਬ ਲਈ ਰੀਗਲ ਸਿਨੇਮਾ ਇੱਕ ਚਾਨਣ ਮੁਨਾਰਾ ਹੈ। ਉਨ੍ਹਾਂ ਕਿਹਾ ਕਿ 1972 ਤੋਂ ਲੈ ਕੇ ਹੁਣ ਤੱਕ ਲੋਕਾਂ ਨੇ ਇਸ ਸਿਨੇਮੇ ਨੂੰ ਚੱਲਣ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਿਨੇਮਾ ਸਾਡੀ ਵਿਰਾਸਤ ਹੈ ਪ੍ਰੰਤੂ ਸਮੇਂ ਦੇ ਹਾਕਮ ਤਰ੍ਹਾਂ-ਤਰ੍ਹਾਂ ਦੇ ਬਹਾਨੇ ਘੜ ਕੇ ਇਸ ਸਿਨਮੇ ਵਾਲੀ ਜਗ੍ਹਾ ਨੂੰ ਆਪਣੇ ਸੌੜੇ ਹਿੱਤਾਂ ਲਈ ਵਰਤਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਵਾਰਸ ਹਰ ਹੀਲੇ ਆਪਣੇ ਇਤਿਹਾਸ ਨੂੰ ਬਚਾਉਣ ਲਈ ਲੜਨਗੇ।