ਸ਼ਗਨ ਕਟਾਰੀਆ
ਬਠਿੰਡਾ, 18 ਅਕਤੂਬਰ
ਖਾਲਸਾ ਦੀਵਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਬੰਧਕਾਂ ਦਰਮਿਆਨ ਦਰਾੜ ਉੱਭਰ ਆਈ ਹੈ। ਅਹੁਦੇਦਾਰਾਂ ਦੀ ਖਿੱਚੋਤਾਣ ਦੌਰਾਨ ਧਾਰਮਿਕ ਸੰਸਥਾ ਜੰਗ ਦਾ ਅਖਾੜਾ ਬਣ ਗਈ ਹੈ। ਅੱਜ ਪਹਿਲਾਂ ਪ੍ਰਧਾਨ ਨੇ ਮੀਡੀਆ ਸੰਮੇਲਨ ਦੌਰਾਨ ਬਾਕੀ ਅਹੁਦੇਦਾਰਾਂ ਦੀ ਕਮੇਟੀ ਭੰਗ ਕਰ ਦਿੱਤੀ ਤੇ ਨਾਅਰੇਬਾਜ਼ੀ ਕਰਦਿਆਂ ਪੁੱਜੇ ਬਾਕੀ ਆਗੂਆਂ ਨੇ ਪ੍ਰਧਾਨ ਦੀ ‘ਛੁੱਟੀ’ ਕਰ ਕੇ ਨਵਾਂ ਪ੍ਰਧਾਨ ਐਲਾਨ ਦਿੱਤਾ। ਵਿਵਾਦ ਦੌਰਾਨ ਦੋਵਾਂ ਧਿਰਾਂ ਨੇ ਖੁੱਲ੍ਹ ਕੇ ਇੱਕ-ਦੂਜੇ ’ਤੇ ਇਲਜ਼ਾਮ ਲਾਏ।
ਅੱਜ ਸੰਸਥਾ ਦੇ ਪ੍ਰਧਾਨ ਵਰਿੰਦਰ ਸਿੰਘ ਬੱਲਾ ਨੇ ਆਪਣੇ ਕਰੀਬੀ ਦੇ ਘਰ ਪ੍ਰੈੱਸ ਕਾਨਫਰੰਸ ਕਰ ਕੇ ਕਮੇਟੀ ਭੰਗ ਕਰਨ ਦਾ ਐਲਾਨ ਕਰ ਦਿੱਤਾ। ਇਸੇ ਦੌਰਾਨ ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਗੁਰਭਗਤ ਸਿੰਘ, ਸਕੱਤਰ ਕਰਮਜੀਤ ਸਿੰਘ, ਖ਼ਜ਼ਾਨਚੀ ਗੁਰਵਿੰਦਰ ਸਿੰਘ ਸਮੇਤ ਸੰਸਥਾ ਦੇ ਵਿੱਦਿਅਕ ਅਦਾਰੇ ਦੀਆਂ ਮਹਿਲਾ ਸਟਾਫ਼ ਮੈਂਬਰ ਨਾਅਰੇਬਾਜ਼ੀ ਕਰਦਿਆਂ ਉੱਥੇ ਪੁੱਜ ਗਈਆਂ। ਉਨ੍ਹਾਂ ਕਥਿਤ ਤੌਰ ’ਤੇ ਪ੍ਰਧਾਨ ’ਤੇ ‘ਆਪਹੁਦਰੀਆਂ’, ‘ਵਿੱਤੀ ਹੇਰਾਫੇਰੀ’ ਅਤੇ ‘ਬਦ-ਕਲਾਮੀ’ ਦੇ ਦੋਸ਼ ਮੜ੍ਹੇ। ਉਨ੍ਹਾਂ ਪ੍ਰਧਾਨ ਵਰਿੰਦਰ ਸਿੰਘ ਬੱਲਾ ਨੂੰ ਅਹੁਦੇ ਤੋਂ ਬਰਖ਼ਾਸਤ ਕਰਨ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਭਗਤ ਸਿੰਘ ਨੂੰ ਸੰਸਥਾ ਦਾ ਪ੍ਰਧਾਨ ਬਣਾਏ ਜਾਣ ਦਾ ਐਲਾਨ ਕਰਦਿਆਂ ਦਾਅਵਾ ਕੀਤਾ ਕਿ ਸੰਗਠਨ ਦੇ ਸੰਵਿਧਾਨ ਮੁਤਾਬਕ ਪ੍ਰਧਾਨ ਨੂੰ ਕਮੇਟੀ ਭੰਗ ਕਰਨ ਦਾ ਕੋਈ ਅਧਿਕਾਰ ਨਹੀਂ ਜਦਕਿ ਕਮੇਟੀ, ਪ੍ਰਧਾਨ ਨੂੰ ਅਹੁਦੇ ਤੋਂ ਹਟਾ ਸਕਦੀ ਹੈ। ਉਨ੍ਹਾਂ ਕਿਹਾ, ‘ਜੇ ਪ੍ਰਧਾਨ ਸੱਚਾ ਹੈ ਤਾਂ ਸੰਸਥਾ ਦਾ ਵਿੱਤੀ ਲੇਖਾ-ਜੋਖਾ ਜਨਤਕ ਕਰੇ।’
ਦੂਜੇ ਪਾਸੇ ਪ੍ਰਧਾਨ ਵਰਿੰਦਰ ਸਿੰਘ ਬੱਲਾ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਪਲਟਵੇਂ ਦੋਸ਼ ਲਾਏ। ਉਨ੍ਹਾਂ ਦਾ ਕਹਿਣਾ ਸੀ ਕਿ ਸੀਨੀਅਰ ਮੀਤ ਪ੍ਰਧਾਨ, ਸਕੱਤਰ ਅਤੇ ਖਜ਼ਾਨਚੀ ਨੇ ਕਥਿਤ ਮਨਮਰਜ਼ੀ ਕਰਦਿਆਂ ਵਾਰ-ਵਾਰ ਗੁਰੂ ਦੀ ਗੋਲਕ ਦਾ ਨੁਕਸਾਨ ਕੀਤਾ। ਉਨ੍ਹਾਂ ਕਿਹਾ ਕਿ ਗੁਰਭਗਤ ਸਿੰਘ ਨੇ ਸੰਸਥਾ ਤੋਂ ਉਧਾਰ ਲਿਆ 2 ਲੱਖ ਰੁਪਿਆ ਵਾਪਿਸ ਨਹੀਂ ਕੀਤਾ ਅਤੇ ਕਰਮਜੀਤ ਸਿੰਘ ਸੰਸਥਾ ਦੀ ਗਰਾਊਂਡ ’ਤੇ ਕਬਜ਼ਾ ਕਰਨਾ ਚਾਹੁੰਦਾ ਸੀ। ਉਨ੍ਹਾਂ ਖ਼ਜ਼ਾਨਚੀ ’ਤੇ 30 ਹਜ਼ਾਰ ਰੁਪਏ ਮਾਸਿਕ ਤਨਖਾਹ ਲੈਣ ਅਤੇ ‘ਵਿੱਤੀ ਗੜਬੜੀ’ ਕਰਨ ਦੇ ਇਲਜ਼ਾਮ ਲਾਏ।
ਸ੍ਰੀ ਬੱਲਾ ਨੇ ਆਪਣੀ ਪ੍ਰਧਾਨਗੀ ਦੇ ਕਾਰਜਕਾਲ ਦੌਰਾਨ ਸੰਸਥਾ ਦੀ ਆਮਦਨ ਦੁੱਗਣੀ ਹੋਣ ਦੀ ਗੱਲ ਕਹਿੰਦਿਆਂ ਦੱਸਿਆ ਕਿ ਪਿਛਲੇ ਪ੍ਰਧਾਨ ਵੇਲੇ ਸੰਸਥਾ ਦੀ ਜੋ ਜ਼ਮੀਨ 20 ਹਜ਼ਾਰ ਰੁਪਏ ਠੇਕੇ ’ਤੇ ਚੜ੍ਹਦੀ ਸੀ, ਹੁਣ 60 ਹਜ਼ਾਰ ’ਚ ਦਿੱਤੀ ਗਈ ਹੈ ਅਤੇ ਦੁਕਾਨਾਂ ਦੇ ਕਿਰਾਏ ਵੀ ਵਧੇ ਹਨ। ਉਨ੍ਹਾਂ ਗੁਰਵਿੰਦਰ ਸਿੰਘ ਅਤੇ ਕਰਮਜੀਤ ਸਿੰਘ ਨੂੰ ਮੁੜ ਨਿਸ਼ਾਨੇ ’ਤੇ ਲੈਂਦਿਆਂ ਦੋਸ਼ ਲਾਏ ਕਿ ਉਨ੍ਹਾਂ ਗੁਰਦੁਆਰੇ ਦੀ ਜਗ੍ਹਾ ’ਚ ਕਥਿਤ ਤੌਰ ’ਤੇ ਦੁਕਾਨਾਂ ਬਣਾ ਲਈਆਂ ਅਤੇ ਕਿਰਾਇਆ ਵੀ ਨਹੀਂ ਦੇ ਰਹੇ। ਸੰਸਥਾ ਦੇ ਸੰਵਿਧਾਨ ਅਨੁਸਾਰ ਪ੍ਰਧਾਨ ਕੋਲ ਕਮੇਟੀ ਭੰਗ ਕਰਨ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਵੋਟਾਂ ਰਾਹੀਂ ਇਕੱਲੇ ਪ੍ਰਧਾਨ ਦੀ ਚੋਣ ਹੁੰਦੀ ਹੈ ਜਦਕਿ ਬਾਕੀ ਕਮੇਟੀ ਦੀ ਨਿਯੁਕਤੀ ਪ੍ਰਧਾਨ ਕਰਦਾ ਹੈ। ਉਨ੍ਹਾਂ ਆਖਿਆ ਕਿ ਨਵੀਂ ਕਮੇਟੀ ਦੀ ਚੋਣ ਜਲਦੀ ਕੀਤੀ ਜਾਵੇਗੀ।