ਮਨੋਜ ਸ਼ਰਮਾ
ਬਠਿੰਡਾ, 16 ਫਰਵਰੀ
ਇੱਥੇ ਅੱਜ ਬਸੰਤ ਪੰਚਮੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਸਵੇਰ ਵੇਲੇ ਧੁੰਦ ਉੱਤਰਨ ਤੋਂ ਬਾਅਦ ਦੁਪਹਿਰੇ ਰਾਜਨੀਤਕ ਪਾਰਟੀਆਂ ਅਤੇ ਕਿਸਾਨੀ ਰੰਗ ਵਾਲੇ ਪਤੰਗ ਅਸਮਾਨ ’ਚ ਛਾਏ ਰਹੇ। ਸ਼ਹਿਰ ਵਿੱਚ ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲਿਆਂ ’ਤੇ ਪੁਲੀਸ ਦੀ ਬਾਜ਼ ਅੱਖ ਰਹੀ। ਸ਼ਹਿਰੀ ਲੋਕ ਸੜਕਾਂ ’ਤੇ ਚਾਈਨਾ ਡੋਰ ਦੇ ਡਰੋਂ ਹੈਲਮਟ ਪਾ ਕੇ ਸੜਕਾਂ ’ਤੇ ਨਿਕਲੇ ਅਤੇ ਪਿੰਡਾਂ ਵਾਲਿਆਂ ਨੂੰ ਡੋਰਾਂ ਨੇ ਵਕਤ ਪਾਈ ਰੱਖਿਆ। ਸ਼ਹਿਰ ਦੀ ਬਜਾਏ ਪਿੰਡ ਵਾਲਿਆਂ ਨੇ ਪਤੰਗ ਨਹੀਂ ਉਡਾਏ ਕਿਉਂਕਿ ਨੌਜਵਾਨ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਅੰਦੋਲਨ ਵਿੱਚ ਹਿੱਸਾ ਪਾਉਣ ਲਈ ਦਿੱਲੀ ਦੀਆਂ ਸੜਕਾਂ ’ਤੇ ਨਾਅਰੇ ਮਾਰਦਾ ਰਹੇ।
ਉੱਧਰ ਬਠਿੰਡਾ ਕਾਰਪੋਰੇਸ਼ਨ ਚੋਣਾਂ ਲਈ ਮੈਦਾਨ ਵਿੱਚ ਨਿੱਤਰੇ ਉਮੀਦਵਾਰਾਂ ਨੂੰ ਅੱਜ ਬਸੰਤ ਪੰਚਮੀ ਵਾਲੇ ਦਿਨ ਧੁੜਕੂ ਲੱਗਿਆ ਰਿਹਾ। ਇੱਕ ਉਮੀਦਵਾਰ ਦਾ ਕਹਿਣਾ ਸੀ ਕਿ ਜੇਕਰ ਬਸੰਤ 16 ਫਰਵਰੀ ਦੀ ਬਜਾਏ 18 ਫਰਵਰੀ ਨੂੰ ਹੁੰਦੀ ਤਾਂ ਪਤੰਗ ਵੀ ਖ਼ੂਬ ਚੜ੍ਹਾਉਂਦੇ ਕਿਉਂਕਿ ਭਲਕੇ 17 ਫਰਵਰੀ ਨੂੰ ਚੋਣ ਨਤੀਜੇ ਆਉਣੇ ਹਨ ਅਤੇ ਰਾਤ ਕਰਵੱਟ ਲੈਂਦਿਆਂ ਦੀ ਹੀ ਲੰਘ ਗਈ। ਅਕਾਲੀ ਉਮੀਦਵਾਰ ਹਰਵਿੰਦਰ ਸਿੰਘ ਦਾ ਕਹਿਣਾ ਸੀ ਕਿ ਥੋੜ੍ਹੀ ਘਬਰਾਹਟ ਤਾਂ ਹੁੰਦੀ ਪਰ ਫੇਰ ਵੀ ਉਹ ਯਾਰਾਂ ਬੇਲੀਆਂ ਨਾਲ ਕੋਠੇ ਬੈਠ ਕੇ ਪਤੰਗਾਂ ਦਾ ਅਨੰਦ ਮਾਣਦਾ ਰਿਹਾ ਅਤੇ ਉਸ ਨੇ ਅੱਜ ਪਤੰਗਾਂ ਨੂੰ ਬਹੁਤੀ ਤਵੱਜੋ ਨਹੀਂ ਦਿੱਤੀ।
ਕਾਂਗਰਸ ਆਗੂ ਰਾਮ ਸਿੰਘ ਵਿਰਕ ਦਾ ਕਹਿਣਾ ਸੀ ਕਿ ਪਤੰਗ ਤਾਂ ਦੂਰ ਦੀ ਗੱਲ ਅੱਜ ਦਿਨ ਤਾਂ ਗਿਣਤੀਆਂ ਮਿਣਤੀਆਂ ਵਿੱਚ ਲੰਘ ਗਿਆ। ਕੁਝ ਵੀ ਹੋਵੇ ਨਗਰ ਨਿਗਮ ਚੋਣ ਵਿੱਚ ਖੜੇ ਉਮੀਦਵਾਰਾਂ ਦੀ ਜਿੱਤ ਦਾ ਪਤੰਗ ਕੱਲ੍ਹ ਅਸਮਾਨ ਵਿੱਚ ਉੱਡੇਗਾ ਜਾਂ ਫਿਰ ਕੱਟਿਆ ਜਾਵੇਗਾ ਉਹ ਤਾਂ ਭਲਕੇ ਚੋਣ ਨਤੀਜਿਆਂ ਤੋਂ ਬਾਅਦ ਹੀ ਪਤਾ ਚੱਲੇਗਾ।
ਮਾਨਸਾ, ਬੋਹਾ ਤੇ ਜੋਗਾ ਦੀਆਂ ਵੋਟਿੰਗ ਮਸ਼ੀਨਾਂ ਇਕੋ ਥਾਂ ਰੱਖੀਆਂ
ਮਾਨਸਾ (ਜੋਗਿੰਦਰ ਸਿੰਘ ਮਾਨ): ਮਾਨਸਾ ਨਗਰ ਕੌਂਸਲ ਅਤੇ ਦੋ ਨਗਰ ਪੰਚਾਇਤ ਜੋਗਾ ਤੇ ਬੋਹਾ ਨਾਲ ਸਬੰਧਿਤ ਵੋਟਿੰਗ ਮਸ਼ੀਨਾਂ ਨੂੰ ਮਾਨਸਾ ਜ਼ਿਲ੍ਹੇ ਦੇ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿੱਚ ਰੱਖਿਆ ਗਿਆ ਹੈ। ਇਨ੍ਹਾਂ ਮਸ਼ੀਨਾਂ ਦੀ ਦੇਖ ਰੇਖ ਵਿੱਚ ਪੁਲੀਸ ਤਾਇਨਾਤ ਹੈ। ਅੱਜ ਜ਼ਿਲ੍ਹਾ ਚੋਣ ਅਫਸਰ ਮਹਿੰਦਰ ਪਾਲ ਅਤੇ ਸੀਨੀਅਰ ਕਪਤਾਲ ਪੁਲੀਸ ਸੁਰੇਂਦਰ ਲਾਂਬਾ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਕਿਹਾ ਕਿ ਸਮੁਚੇ ਇਲਾਕੇ ਦੀ ਮੋਰਚਾਬੰਦੀ ਕਰਕੇ ਸੁਰੱਖਿਆ ਪ੍ਰਬੰਧ ਹਰ ਪੱਖੋਂ ਪੁਖ਼ਤਾ ਕੀਤੇ ਗਏ ਹਨ।