ਪੱਤਰ ਪ੍ਰੇਰਕ
ਬਠਿੰਡਾ, 22 ਜੂਨ
ਆਪਣੀਆਂ ਨੌਕਰੀਆਂ ਰੈਗੂਲਰ ਕਰਾਉਣ ਲਈ ਪੇਂਡੂ ਫ਼ਾਰਮੇਸੀ ਅਫ਼ਸਰਾਂ ਦਾ ਰੋਸ ਪ੍ਰਦਰਸ਼ਨ ਅੱਜ ਚੌਥੇ ਦਿਨ ਵੀ ਜਾਰੀ ਰਿਹਾ। ਇਥੇ ਜ਼ਿਲ੍ਹਾ ਪ੍ਰੀਸ਼ਦ ’ਚ ਲਗਾਤਾਰ ਵਿਖਾਵਾ ਕਰ ਰਹੇ ਫਾਰਮਾਸਿਸਟਾਂ ਨੇ ਅੱਜ ਆਪਣੀਆਂ ਡਿਗਰੀਆਂ ‘ਅਗਨ ਭੇਟ’ ਕਰਦਿਆਂ ਪੰਚਾਇਤ ਮੰਤਰੀ ਦੀ ਰਿਹਾਇਸ਼ ਅੱਗੇ ਪੱਕਾ ਮੋਰਚਾ ਲਾਉਣ ਦੀ ਚਿਤਾਵਨੀ ਦਿੱਤੀ।
ਰੋਸ ਪ੍ਰਦਰਸ਼ਨ ਕਰਨ ਵਾਲੇ ਫਾਰਮਾਸਿਸਟਾਂ ਨੇ ਦੱਸਿਆ ਕਿ ਪਿਛਲੇ 14 ਸਾਲਾਂ ਤੋਂ ਸਰਕਾਰਾਂ ਉਨ੍ਹਾਂ ਦਾ ਆਰਥਿਕ ਅਤੇ ਮਾਨਸਿਕ ਸੋਸ਼ਣ ਕਰਦੀਆਂ ਆ ਰਹੀਆਂ ਹਨ। ਉਨ੍ਹਾਂ ਵੱਲੋਂ ਹੁਣ ਕਰੋਨਾ ਡਿਊਟੀਆਂ ਦੇ ਮੁਕੰਮਲ ਬਾਈਕਾਟ ਕਾਰਨ ਸਿਹਤ ਕੇਂਦਰਾਂ ’ਚ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਧਰਨਾਕਾਰੀਆਂ ਦਾ ਤਰਕ ਸੀ ਕਿ ਇਸ ਔਖੀ ਘੜੀ ’ਚ ਲੋਕ ਸੇਵਾਵਾਂ ਛੱਡਣ ਲਈ ਉਨ੍ਹਾਂ ਨੂੰ ਕਾਂਗਰਸ ਸਰਕਾਰ ਨੇ ਮਜਬੂਰ ਕੀਤਾ ਹੈ।
‘ਰੂਰਲ ਫਾਰਮੇਸੀ ਅਫ਼ਸਰ ਐਸੋਸੀਏਸ਼ਨ’ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਗਰਗ ਨੇ ਦੱਸਿਆ ਕਿ ਠੇਕਾ ਅਧਾਰਿਤ ਬਿਨਾਂ ਨੌਕਰੀ ਸੁਰੱਖਿਆ ਇਸ ਮਹਾਮਾਰੀ ’ਚ ਫਰੰਟ ਲਾਈਨ ’ਤੇ ਨਿਰਵਿਘਨ ਆਪਣੀਆਂ ਸੇਵਾਵਾਂ ਦੇ ਰਹੇ ਫਾਰਮਾਸਿਸਟਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਹਨ ਪਰ ਸਰਕਾਰ ਉਨ੍ਹਾਂ ਨੂੰ ਲਾਗੂ ਕਰਨ ਤੋਂ ਕਿਨਾਰਾ ਵੱਟ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਲ 2006 ’ਚ ਕਾਂਗਰਸ ਸਰਕਾਰ ਵੱਲੋਂ ਪੰਜਾਬ ਦੀਆਂ 1186 ਪੇਂਡੂ ਡਿਸਪੈਂਸਰੀਆਂ ਨੂੰ ਪੰਚਾਇਤ ਵਿਭਾਗ ਅਧੀਨ ਠੇਕੇ ’ਤੇ ਦਿੱਤਾ ਗਿਆ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਨੂੰ ਪੱਕਾ ਨਹੀਂ ਕੀਤਾ ਗਿਆ। ਯੂਨੀਅਨ ਆਗੂਆਂ ਨੇ ਆਖਿਆ ਕਿ ਲਗਾਤਾਰ ਚਾਰ ਦਿਨਾਂ ਤੋਂ ਧਰਨੇ ਦੇਣ ਦੇ ਬਾਵਜੂਦ ਉਨ੍ਹਾਂ ਦੀ ਸੁਣਵਾਈ ਨਾ ਹੋਣ ਦੇ ਰੋਸ ਵਜੋਂ ਹੁਣ ਜਥੇਬੰਦੀ ਵੱਲੋਂ ਪੜਾਅਵਾਰ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਜਿਸ ਤਹਿਤ ਸੰਘਰਸ਼ ਦੀ ਰੂਪ ਰੇਖਾ ਉਲੀਕ ਕੇ ਪੰਚਾਇਤ ਮੰਤਰੀ ਦੀ ਕਾਦੀਆਂ (ਗੁਰਦਾਸਪੁਰ) ਰਿਹਾਇਸ਼ ਅੱਗੇ ਪੱਕਾ ਮੋਰਚਾ ਲਾਇਆ ਜਾਵੇਗਾ।