ਸ਼ਗਨ ਕਟਾਰੀਆ
ਬਠਿੰਡਾ, 16 ਨਵੰਬਰ
ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਆਪ ਬਠਿੰਡਾ (ਦਿਹਾਤੀ) ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਭੱਲਾ ਵੱਲੋਂ ਪੌਦੇ ਵੰਡ ਕੇ ਮਨਾਇਆ ਗਿਆ। ਸਵੇਰੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਵਿੱਚ ਰਿੰਗ ਰੋਡ ’ਤੇ ਬਣਾਈ ਗਈ ਸੈਰਗਾਹ ਉੱਪਰ ਕਰਵਾਏ ਗਏ ਪ੍ਰੋਗਰਾਮ ਦੌਰਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਤੋਂ ਬਾਅਦ ਜਤਿੰਦਰ ਭੱਲਾ ਨੇ ਪਟੇਲ ਨਗਰ ਵਿੱਚ ਲੋਕਾਂ ਨੂੰ ਫੁੱਲਾਂ ਵਾਲੇ ਪੌਦੇ ਵੰਡ ਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਨੂੰ ਤਾਜ਼ਾ ਕੀਤਾ। ਸ੍ਰੀ ਭੱਲਾ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਫੁੱਲਾਂ ਦੀ ਤਰ੍ਹਾਂ ਸਾਨੂੰ ਦੇਸ਼ ਭਗਤੀ ਦੀ ਖੁਸ਼ਬੂ ਦੇ ਰਹੇ ਹਨ। ਵਾਤਾਵਰਨ ਚੇਤਨਾ ਮੰਚ ਤੇ ਲਾਈਨਜ਼ ਕਲੱਬ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਵਿੱਚ ਕਰਵਾਏ ਗਏ ਸਮਾਗਮ ਵਿੱਚ ਚੇਅਰਮੈਨ ਜਤਿੰਦਰ ਭੱਲਾ ਨੇ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ। ਜਤਿੰਦਰ ਭੱਲਾ ਨੇ ਐਲਾਨ ਕੀਤਾ ਕਿ ਬਠਿੰਡਾ ਸ਼ਹਿਰ ’ਚ ‘ਸ਼ਹੀਦ ਕਰਤਾਰ ਸਿੰਘ ਸਰਾਭਾ ਸੈਰਗਾਹ’ ਤੋਂ ਬਾਅਦ ਹੁਣ ਉਨ੍ਹਾਂ ਦੀ ਯਾਦ ਵਿਚ ‘ਸ਼ਹੀਦ ਕਰਤਾਰ ਸਿੰਘ ਸਰਾਭਾ ਸ਼ਹੀਦੀ ਸਮਾਰਕ’ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੈਰਗਾਹ ਦੇ ਨੇੜੇ ਹੀ ਇਹ ਸਮਾਰਕ ਤਿਆਰ ਕਰਵਾਇਆ ਜਾਵੇਗਾ, ਜਿਸ ਵਿਚ ਉਨ੍ਹਾਂ ਦਾ ਸ਼ਾਨਦਾਰ ਬੁੱਤ ਅਤੇ ਕਵਿਤਾ ਦੇ ਰੂਪ ਵਿਚ ਦੇਸ਼ ਦੇ ਲੋਕਾਂ ਨੂੰ ਦਿੱਤਾ ਗਿਆ ਆਖਰੀ ਸੰਦੇਸ਼ ਵੀ ਡਿਸਪਲੇਅ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਅਤੇ ਸ਼ਹੀਦੀ ਦਿਹਾੜੇ ਮੌਕੇ ਨਵੇਂ ਬਣਨ ਵਾਲੇ ਸਮਾਰਕ ਵਿਚ ਹੀ ਸ਼ਾਨਦਾਰ ਪ੍ਰੋਗਰਾਮ ਕੀਤੇ ਜਾਇਆ ਕਰਨਗੇ।