ਮਨੋਜ ਸ਼ਰਮਾ
ਬਠਿੰਡਾ, 25 ਅਕਤੂਬਰ
ਕਿਸਾਨ ਦਿਨੋਂ ਦਿਨ ਸੰਕਟ ’ਚ ਘਿਰ ਰਹੇ ਹਨ। ਜਿੱਥੇ ਬੇਮੌਸਮੀ ਬਾਰਸ਼ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ ਉਥੇ ਕਿਸਾਨੀ ਦਿੱਲੀ ਅੰਦੋਲਨ ’ਚ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਮੰਡੀਆਂ ਝੋਨੇ ਖ਼ਰੀਦ ਪ੍ਰਬੰਧਾਂ ਬਾਰੇ ਲੱਖ ਟਾਹਰਾ ਮਾਰੀਆਂ ਜਾਣ ਪਰ ਮੰਡੀਆਂ ’ਚ ਸਰਕਾਰੀ ਬੋਲੀ ਲੱਗਣ ਦੇ ਬਾਵਜੂਦ ਸ਼ੈਲਰ ਮਾਲਕ ਕਿਸਾਨ ਨੂੰ ਖ਼ਰਾਬ ਕਰਨ ਲੱਗ ਪਏ ਹਨ। ਇਸ ਪੱਤਰਕਾਰ ਨੇ ਜ਼ਿਲ੍ਹੇ ਦੀਆਂ ਮੰਡੀਆਂ ਦੇ ਦੌਰੇ ਮੌਕੇ ਦੇਖਿਆ ਕਿ ਕਿਸਾਨ ਝੋਨੇ ਦੀ ਫ਼ਸਲ ਵੇਚਣ ਦੇ ਬਾਵਜੂਦ ਮੰਡੀਆਂ ’ਚ ਰਾਤਾਂ ਕੱਟਣ ਲਈ ਮਜਬੂਰ ਹਨ। ਬਠਿੰਡਾ ਦੀਆਂ ਮੰਡੀਆਂ ’ਚ ਮਾਰਕਫੈੱਡ, ਪਨਗ੍ਰੇਨ, ਵੇਅਰ ਹਾਊਸ, ਪਨਸਪ ਖ਼ਰੀਦ ਕਰ ਰਹੀਆਂ ਹਨ। ਪੜਤਾਲ ਦੌਰਾਨ ਕਿਸਾਨਾਂ ਨੇ ਦੱਸਿਆ ਕਿ ਜਿਣਸ ਕੇਂਦਰਾਂ ’ਚ ਵੱਖ ਵੱਖ ਏਜੰਸੀ ਦੇ ਇੰਸਪੈਕਟਰਾਂ ਵੱਲੋਂ ਨਮੀਂ ਚੈੱਕ ਕਰਨ ਮਗਰੋਂ ਬੋਲੀ ਲਗਾਈ ਜਾਂਦੀ ਹੈ ਜਿਸ ਨੂੰ ਮਾਰਕੀਟ ਕਮੇਟੀ ਤੇ ਸਬੰਧਤ ਏਜੰਸੀ ਵੱਲੋਂ ਸਰਕਾਰੀ ਰਜਿਸਟਰ ’ਚ ਚੜ੍ਹਾਇਆ ਜਾਂਦਾ ਹੈ। ਹੈਰਾਨੀ ਹੈ ਕਿ ਜ਼ਿਲ੍ਹੇ ਦੀਆਂ ਮੰਡੀਆਂ ’ਚ ਕੁਝ ਸ਼ੈਲਰ ਮਾਲਕਾਂ ਵੱਲੋਂ ਸਰਕਾਰੀ ਬੋਲੀ ਲੱਗਣ ਦੇ ਬਾਵਜੂਦ ਸਰਕਾਰ ਵੱਲੋਂ ਖਰੀਦੀਆਂ ਢੇਰੀਆਂ ਦੀ ਦੁਬਾਰਾ ਨਮੀ ਚੈੱਕ ਕਰਨ ਬਹਾਨੇ ਕਿਸਾਨ ਨੂੰ ਮੁੜ ਖੱਜਲ ਕੀਤਾ ਜਾ ਰਿਹਾ ਹੈ। ਅਜਿਹੇ ਮਾਮਲੇ ’ਚ ਬੀਤੀ ਰਾਤ ਤਲਵੰਡੀ ਸਾਬੋ ਦੇ ਪਿੰਡ ਕਲਾਲਵਾਲਾ ’ਚ ਕਿਸਾਨਾਂ ਨੇ ਇੰਸਪੈਕਟਰ ਦਾ ਘਿਰਾਓ ਕੀਤਾ ਤੇ ਤਹਿਸੀਲਦਾਰ ਬਠਿੰਡਾ ਨੂੰ ਰਾਤ ਦੇ 12 ਵਜੇ ਮਸਲੇ ਦਾ ਹੱਲ ਕਰਨਾ ਪਿਆ। ਕਿਸਾਨ ਆਗੂਆਂ ਨੇ ਕਿਹਾ ਕਿ ਜ਼ਿਲ੍ਹੇ ’ਚ ਕੁਝ ਸ਼ੈਲਰ ਮਾਲਕ ਜਿਥੇ ਸਰਕਾਰੀ ਪ੍ਰਬੰਧਾਂ ਨੂੰ ਚੈਲੇਂਜ ਕਰ ਰਹੇ ਹਨ, ਉਥੇ ਕਿਸਾਨਾਂ ਨੂੰ ਵੀ ਪ੍ਰੇਸ਼ਾਨ ਕਰ ਰਹੇ ਹਨ।
ਇਸ ਸਬੰਧੀ ਜ਼ਿਲਾ ਮੰਡੀ ਅਫ਼ਸਰ ਕੰਵਰਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਜੇ ਅਜਿਹਾ ਹੈ ਤਾਂ ਸ਼ੈਲਰ ਮਾਲਕਾਂ ਦੀ ਮਾੜੀ ਗੱਲ ਹੈ ਜਿਸ ਦੀ ਉਹ ਪੜਤਾਲ ਕਰਵਾਉਣਗੇ। ਇਸ ਸਬੰਧੀ ਡੀਐੱਫਐੱਸਈ ਜਸਪ੍ਰੀਤ ਸਿੰਘ ਕਾਹਲੋਂ ਨਾਲ ਸੰਪਰਕ ਨਹੀਂ ਹੋ ਸਕਿਆ।
ਡੀਸੀ ਦੀ ਕੋਠੀ ਦੇ ਘਿਰਾਓ ਦੀਆਂ ਤਿਆਰੀਆਂ ਮੁਕੰਮਲ
ਮਾਨਸਾ (ਪੱਤਰ ਪ੍ਰੇਰਕ) ਸੰਯੁਕਤ ਕਿਸਾਨ ਮੋਰਚਾ ਵੱਲੋਂ ਗੁਲਾਬੀ ਸੁੰਡੀ ਕਾਰਨ ਬਰਬਾਦ ਹੋਏ ਨਰਮੇ ਦੇ ਮੁਆਵਜ਼ੇ ਵਾਸਤੇ ਫੋਰੀ ਕਾਰਵਾਈ ਕਰਨ ਲਈ 26 ਅਕਤੂਬਰ ਨੂੰ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੇ ਘਿਰਾਓ ਦੀਆਂ ਤਿਆਰੀਆਂ ਮੁਕੰਮਲ ਹੋਣ ਦਾ ਦਾਅਵਾ ਕੀਤਾ ਗਿਆ। ਮੋਰਚਾ ਦੇ ਆਗੂਆਂ ਦਾ ਕਹਿਣਾ ਹੈ ਕਿ ਗੁਲਾਬੀ ਸੁੰਡੀ ਨੇ ਨਰਮੇ ਦੀ ਫ਼ਸਲ ਨੂੰ ਤਬਾਹ ਨਹੀਂ ਕੀਤਾ, ਸਗੋਂ ਇਸ ਨੇ ਕਿਸਾਨਾਂ ਦੇ ਸੁਪਨਿਆਂ ਨੂੰ ਵੀ ਮਧੋਲ ਸੁੱਟਿਆ ਹੈ, ਪਰ ਪੰਜਾਬ ਸਰਕਾਰ ਅਤੇ ਇਸ ਦੇ ਅਧਿਕਾਰੀ ਇਸ ਮੁਆਵਜ਼ੇ ਲਈ ਚੁੱਪ ਧਾਰੀ ਬੈਠੇ ਹਨ।