ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 2 ਨਵੰਬਰ
ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਨੇ ਐਲਾਨ ਕੀਤਾ ਹੈ ਕਿ ਜ਼ਿਲ੍ਹੇ ’ਚ ਕਿਸਾਨਾਂ ਨੂੰ ਡੀਏਪੀ ਖਾਦ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਆਗਾਮੀ ਹਾੜ੍ਹੀ ਦੀ ਫ਼ਸਲ ਲਈ ਕੁੱਲ 35 ਹਜ਼ਾਰ ਮੀਟ੍ਰਿਕ ਟਨ ਡੀਏਪੀ ਦੀ ਲੋੜ ਹੈ, ਜਿਸ ਵਿੱਚੋਂ 22500 ਮੀਟ੍ਰਿਕ ਟਨ ਖਾਦ ਸਹਿਕਾਰੀ ਸੁਸਾਇਟੀਆਂ ਅਤੇ ਪ੍ਰਾਈਵੇਟ ਫ਼ਰਮਾਂ ਕੋਲ ਸਪਲਾਈ ਕੀਤੀ ਜਾ ਚੁੱਕੀ ਹੈ ਅਤੇ ਬਾਕੀ 15 ਨਵੰਬਰ ਤੱਕ ਪਹੁੰਚਾ ਦਿੱਤੀ ਜਾਵੇਗੀ। ਸ੍ਰੀ ਪਰੇ ਨੇ ਦੱਸਿਆ ਕਿ ਜ਼ਿਲ੍ਹੇ ’ਚ ਡੀਏਪੀ ਖਾਦ ਦੀ ਸਪਲਾਈ ਲਈ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ, ਜਿਸ ਦਾ ਹੈਲਪਲਾਈਨ ਨੰਬਰ ਜਲਦੀ ਜਾਰੀ ਕੀਤਾ ਜਾਵੇਗਾ। ਉਨ੍ਹਾਂ ਖਾਦ ਡੀਲਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਖਾਦ ਦੀ ਫ਼ਾਲਤੂ ਸਟੋਰੇਜ ਨਾ ਕੀਤੀ ਜਾਵੇ ਅਤੇ ਅਜਿਹਾ ਕਰਨ ’ਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਖਾਦ ਦੀਆਂ ਦੁਕਾਨਾਂ ਅਤੇ ਸਟੋਰਾਂ ਦੀ ਚੈਕਿੰਗ ਲਈ ਖੇਤੀ ਵਿਭਾਗ ਸਮੇਤ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਡਾਈ ਖਾਦ ਨਾਲ ਟੈਗਿੰਗ, ਵੱਧ ਰੇਟ, ਨੈਨੋ ਖਾਦ, ਸਲਫ਼ਰ, ਮਾਈਕੋਰੇਜਾਂ ਜਾਂ ਕੁਝ ਹੋਰ ਧੱਕੇ ਨਾਲ ਮਿਲ ਰਿਹਾ ਹੈ, ਤਾਂ 1100 ਨੰਬਰ ’ਤੇ ਕਾਲ ਕਰੋ।