ਮਨੋਜ ਸ਼ਰਮਾ
ਬਠਿੰਡਾ, 16 ਸਤੰਬਰ
ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਇੱਥੋਂ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਦਾ ਦੌਰਾ ਕਰ ਕੇ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਹਸਪਾਤਲਾਂ ਵਿੱਚ ਆਪਣੀ ਡਿਊਟੀ ਦੌਰਾਨ ਬਿਹਤਰ ਸੇਵਾਵਾਂ ਨਿਭਾਉਣ ਵਾਲੇ ਡਾਕਟਰਾਂ ਦਾ ਸ਼ਲਾਘਾ ਪੱਤਰ ਦੇ ਕੇ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਸ੍ਰੀ ਜੌੜਾਮਾਜਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸੂਬਾ ਸਰਕਾਰ ਹਮੇਸ਼ਾ ਵਚਨਵੱਧ ਤੇ ਯਤਨਸ਼ੀਲ ਹੈ। ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਹਸਪਤਾਲਾਂ ਵਿੱਚ ਬੁਨਿਆਦੀ ਢਾਂਚੇ, ਲੋੜੀਂਦੀ ਮਸ਼ਨੀਰੀ ਤੋਂ ਇਲਾਵਾ ਡਾਕਟਰੀ ਅਮਲੇ ਦੀ ਘਾਟ ਨੂੰ ਪੂਰਾ ਕੀਤਾ ਜਾਵੇਗਾ।
ਸਿਹਤ ਮੰਤਰੀ ਨੇ ਆਪਣੇ ਦੌਰੇ ਦੌਰਾਨ ਕਮਿਊਨਿਟੀ ਹੈਲਥ ਸੈਂਟਰ ਗੋਨਿਆਣਾ ਦੇ ਐਸਐਮਓ ਡਾ. ਅਨਿੱਲ ਗੋਇਲ ਨੂੰ ਸ਼ਲਾਘਾ ਪੱਤਰ ਦਿੱਤਾ। ਕਮਿਊਨਿਟੀ ਸੈਂਟਰ ਦੇ ਜ਼ੱਚਾ-ਬੱਚਾ ਵਾਰਡ ਦਾ ਦੌਰਾ ਕਰ ਕੇ ਨਵ-ਜਨਮੇ ਬੱਚਿਆਂ ਨੂੰ ਵਿਟਾਮਿਨ-ਡੀ ਵੀ ਵੰਡਿਆ।
ਉਨ੍ਹਾਂ ਸਥਾਨਕ ਐਂਡਵਾਂਸ ਕੈਂਸਰ ਇੰਸਟੀਚਿਊਟ ਦਾ ਵੀ ਦੌਰਾ ਕੀਤਾ ਤੇ ਡਾ. ਪਰਮਿੰਦਰ ਸਿੰਘ ਸੰਧੂ ਨੂੰ ਸ਼ਲਾਘਾ ਪੱਤਰ ਦਿੱਤਾ। ਆਪਣੇ ਦੌਰੇ ਮੌਕੇ ਸਬ-ਡਵੀਜ਼ਨਲ ਹਸਪਤਾਲ ਘੁੱਦਾ ਦੇ ਵੱਖ-ਵੱਖ ਵਾਰਡਾਂ ਦਾ ਵੀ ਜਾਇਜ਼ਾ ਲਿਆ। ਇਸ ਦੌਰਾਨ ਹੱਡੀਆਂ ਦੇ ਮਾਹਿਰ ਡਾ. ਪ੍ਰਦੀਪ ਕੁਮਾਰ ਦੀ ਸ਼ਲਾਘਾ ਕੀਤੀ।
ਮਲੋਟ (ਲਖਵਿੰਦਰ ਸਿੰਘ): ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਦੀ ਅੱਜ ਮਲੋਟ ਆਮਦ ’ਤੇ ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ, ਡਾਕਟਰ ਸੁਨੀਲ ਕੁਮਾਰ ਬਾਂਸਲ, ਸਟਾਫ ਅਤੇ ਆਪ ਆਗੂਆਂ ਰਮੇਸ਼ ਕੁਮਾਰ ਅਰਨੀਵਾਲਾ, ਜਸਦੇਵ ਸਿੰਘ ਸੰਧੂ, ਜਸਮੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਗਗਨਦੀਪ ਸਿੰਘ ਔਲਖ ਵੱਲੋਂ ਉਨ੍ਹਾਂ ਨੂੰ ਜੀ ਆਇਆਂ ਕਿਹਾ ਗਿਆ। ਇਸ ਉਪਰੰਤ ਸਰਕਾਰੀ ਹਸਪਤਾਲ ਮਲੋਟ ਵਿੱਚ ਡਾਕਟਰਾਂ ਦੀ ਘਾਟ ਸਣੇ ਹੋਰ ਸਮੱਸਿਆਵਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ। ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਜਲਦੀ ਹੀ ਸਰਕਾਰੀ ਹਸਪਤਾਲਾਂ ਦੀਆਂ ਸਮੱਸਿਆਵਾਂ ਹੱਲ ਕਰ ਦਿੱਤੀਆਂ ਜਾਣਗੀਆਂ।
ਲੰਬੀ (ਇਕਬਾਲ ਸਿੰਘ ਸ਼ਾਂਤ): ਪਿੰਡ ਬਾਦਲ ਦੇ ਸਿਵਲ ਹਸਪਤਾਲ ਦੀ ਅੱਜ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਅਚਨਚੇਤੀ ਜਾਂਚ ਕੀਤੀ ਗਈ। ਸਿਹਤ ਮੰਤਰੀ ਬਠਿੰਡਾ ਤੋਂ ਮਲੋਟ ਜਾਂਦੇ ਸਮੇਂ ਨਿਰਧਾਰਤ ਪ੍ਰੋਗਰਾਮ ਵਿੱਚ ਫੇਰਬਦਲ ਕਰ ਕੇ ਪਿੰਡ ਬਾਦਲ ਵਿਚ ਸਿਵਲ ਹਸਪਤਾਲ ਪੁੱਜ ਗਏ। ਉਨ੍ਹਾਂ ਹਸਪਤਾਲ ਕੰਪਲੈਕਸ ਪੁੱਜਦੇ ਸਾਰ ਪਹਿਲਾਂ ਓਪੀਡੀ ਦਾ ਦੌਰਾ ਕੀਤਾ। ਇਸ ਮੌਕੇ ਇੱਕ ਬਜ਼ੁਰਗ ਔਰਤ ਨੇ ਸਿਹਤ ਮੰਤਰੀ ਨੂੰ ਹਸਪਤਾਲ ’ਚ ਦਵਾਈਆਂ ਦੀ ਘਾਟ ਬਾਰੇ ਆਖਿਆ। ਸਿਹਤ ਮੰਤਰੀ ਨੇ ਛੇਤੀ ਘਾਟਾਂ ਦੂਰ ਕਰਨ ਦਾ ਭਰੋਸਾ ਦਿੱਤਾ।
ਅਬੋਹਰ/ਬੱਲੂਆਣਾ (ਸੁੰਦਰ ਨਾਥ ਆਰੀਆ/ਰਾਜਿੰਦਰ ਕੁਮਾਰ): ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਅਬੋਹਰ ਪੁੱਜਣ ’ਤੇ ਵਿਧਾਇਕ ਸੰਦੀਪ ਜਾਖੜ ਨੇ ਸਬ-ਡਵੀਜ਼ਨ ਪੱਧਰ ਦੇ 100 ਬਿਸਤਰਿਆਂ ਵਾਲੇ ਸਰਕਾਰੀ ਹਸਪਤਾਲ ’ਚ ਮਰੀਜ਼ਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਦੱਸਿਆ। ਇਸ ਦੌਰਾਨ ਕੌਂਸਲਰਾਂ ਨੇ ਮੰਤਰੀ ਨਾਲ ਮੀਟਿੰਗ ਕੀਤੀ। ਇਸ ਦੌਰਾਨ ਵਿਧਾਇਕ ਨੇ ਮੰਗ ਪੱਤਰ ਦਿੱਤਾ ਜਿਸ ਵਿੱਚ ਸਿਵਲ ਹਸਪਤਾਲ ’ਚ ਦਵਾਈਆਂ, ਡਾਕਟਰਾਂ ਅਤੇ ਕੁਝ ਸਮੱਗਰੀ ਦੀ ਘਾਟ ਬਾਰੇ ਦੱਸਿਆ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੰਤਰੀ ਨੇ ਆਖਿਆ ਕਿ ਸੂਬਾ ਸਰਕਾਰ ਵੱਲੋਂ ਡਾਕਟਰਾਂ ਦੀ ਘਾਟ ਦੂਰ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਦੇ ਸਥਾਈ ਹੱਲ ਲਈ ਪੰਜਾਬ ਸਰਕਾਰ ਵੱਲੋਂ ਰਾਜ ਵਿਚ ਨਵੇਂ ਮੈਡੀਕਲ ਕਾਲਜ ਸਥਾਪਿਤ ਕੀਤੇ ਜਾ ਰਹੇ ਹਨ।