ਪੱਤਰ ਪ੍ਰੇਰਕ
ਬਠਿੰਡਾ, 2 ਫ਼ਰਵਰੀ
ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਆਪਣੀ ਚੋਣ ਮੁਹਿੰਮ ਨੂੰ ਅੱਗੇ ਤੋਰਦਿਆਂ ਅੱਜ ਅਦਾਲਤ ਕੰਪਲੈਕਸ ਦਾ ਦੌਰਾ ਕੀਤਾ ਤੇ ਵਕੀਲ ਭਾਈਚਾਰੇ ਕੋਲੋਂ ਸ਼੍ਰੋਮਣੀ ਅਕਾਲੀ ਦਲ ਵੇਲੇ ਹੋਏ ਪੰਜਾਬ ਅਤੇ ਸ਼ਹਿਰ ਬਠਿੰਡਾ ਦੇ ਵਿਕਾਸ ਦੇ ਨਾਮ ’ਤੇ ਸਮਰਥਨ ਮੰਗਿਆ। ਵਕੀਲ ਭਾਈਚਾਰੇ ਵੱਲੋਂ ਸਾਬਕਾ ਵਿਧਾਇਕ ਦਾ ਸਵਾਗਤ ਕੀਤਾ ਗਿਆ ਅਤੇ ਪੂਰਨ ਸਹਿਯੋਗ ਦਾ ਵਿਸ਼ਵਾਸ ਦਿਵਾਇਆ ਗਿਆ। ਸ੍ਰੀ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਮੇਸ਼ਾਂ ਸਾਫ਼ ਸੁਥਰੀ ਸਿਆਸਤ ਕੀਤੀ ਗਈ ਅਤੇ ਕਦੇ ਵੀ ਰੰਜਿਸ਼ ਤਹਿਤ ਕਿਸੇ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਨਹੀਂ ਕੀਤਾ ਜਦਕਿ 5 ਸਾਲ ਪਹਿਲਾਂ ਬਠਿੰਡਾ ਸ਼ਹਿਰ ਵਿੱਚ ਆਏ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਧੋਖਿਆਂ ਦੀ ਸਿਆਸਤ, ਝੂਠੇ ਪਰਚਿਆਂ ਦੀ ਸਿਆਸਤ, ਗੁੰਮਰਾਹ ਕਰਨ ਦੀ ਸਿਆਸਤ ਕੀਤੀ ਹੈ, ਜਿਸ ਕਰਕੇ ਅੱਜ ਸ਼ਹਿਰ ਦਾ ਮਾਹੌਲ ਵੀ ਦਹਿਸ਼ਤ ਵਾਲਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਉਮੀਦਵਾਰ ਜਗਰੂਪ ਸਿੰਘ ਗਿੱਲ ਜੋ ਸਾਢੇ ਚਾਰ ਸਾਲ ਮਨਪ੍ਰੀਤ ਬਾਦਲ ਵੱਲੋਂ ਕੀਤੀਆਂ ਧੱਕੇਸ਼ਾਹੀਆਂ ਦਾ ਹਿੱਸਾ ਰਹੇ ਹਨ ਉਹ ਅੱਜ ਮੇਅਰ ਦੀ ਕੁਰਸੀ ਨਾ ਮਿਲਣ ਕਰਕੇ ਵੋਟਾਂ ਮੰਗ ਰਹੇ ਹਨ। ਸਿੰਗਲਾ ਨੇ ਕਿਹਾ ਕਿ ਧੱਕੇਸ਼ਾਹੀਆਂ ਦਾ ਜਵਾਬ ਸ਼ਹਿਰ ਵਾਸੀ ਦੇਣਗੇ, ਉਨ੍ਹਾਂ ਦਾ ਕੰਮ ਲੋਕਾਂ ਦੀ ਸੇਵਾ ਹੈ ਜਿਸ ਨੂੰ ਹਮੇਸ਼ਾਂ ਜਾਰੀ ਰੱਖਿਆ ਜਾਵੇਗਾ।