ਪੱਤਰ ਪ੍ਰੇਰਕ
ਬਠਿੰਡਾ, 19 ਅਕਤੂਬਰ
ਇੱਥੇ ਥਾਣਾ ਥਰਮਲ ਖੇਤਰ ਵਿੱਚ ਪੈਂਦੇ ਮਲੋਟ ਰੋਡ ਨਜ਼ਦੀਕ ਫਲਾਈਓਵਰ ਅਤੇ ਥਰਮਲ ਪਲਾਂਟ ਦੀਆਂ ਕੰਧਾਂ ’ਤੇ ‘ਖ਼ਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਿਖੇ ਗਏ। ਪੁਲੀਸ ਇਸ ਸਬੰਧੀ ਜਾਂਚ ਵਿੱਚ ਜੁਟ ਗਈ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਬਠਿੰਡਾ ਦੀ ਸਰਹਿੰਦ ਨਹਿਰ ਨਜ਼ਦੀਕ ਖਾਲਿਸਤਾਨ ਪੱਖੀ ਨਾਅਰੇ ਲਿਖੇ ਗਏ ਸਨ। ਹੁਣ ਮਲੋਟ ਰੋਡ ਨਜ਼ਦੀਕ ਪੁਲ ਅਤੇ ਥਰਮਲ ਪਲਾਂਟ ਦੀਆਂ ਕੰਧਾਂ ’ਤੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਿਖੇ ਗਏ ਹਨ। ਨਾਅਰਿਆਂ ਦੇ ਹੇਠ ਅੰਗਰੇਜ਼ੀ ਵਿੱਚ ‘ਸਿੱਖ ਫਾਰ ਜਸਟਿਸ’ (ਐੱਸਐੱਫਜੀ) ਲਿਖਿਆ ਹੋਇਆ ਹੈ। ਇਸ ਸਬੰਧੀ ਸੂਚਨਾ ਮਿਲਣ ਤੋਂ ਮਗਰੋਂ ਥਾਣਾ ਥਰਮਲ ਦੀ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਨਾਅਰਿਆਂ ਨੂੰ ਮਿਟਾ ਦਿੱਤਾ। ਨਾਅਰੇ ਲਿਖਣ ਵਾਲੇ ਸ਼ਰਾਰਤੀ ਅਨਸਰਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ। ਥਾਣਾ ਮੁਖੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।