ਪੱਤਰ ਪ੍ਰੇਰਕ
ਬਠਿੰਡਾ, 20 ਸਤੰਬਰ
ਪੰਜਾਬ ਵਿਚ ਝੋਨੇ ਦੀ ਪਰਾਲੀ ਕਿਸਾਨਾਂ ਲਈ ਵੱਡੀ ਸਿਰਦਰਦੀ ਬਣ ਸਕਦੀ ਹੈ ਕਿਉਂਕਿ ਬੇਲਰ ਮਾਲਕਾਂ ਨੇ ਇਸ ਨੂੰ ਕੱਟਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਵੱਧ ਰਹੀ ਮਹਿੰਗਾਈ ਦੇ ਮੱਦੇਨਜ਼ਰ ਕੀਮਤਾਂ ਵਧਾਉਣ ਦੀ ਮੰਗ ਕੀਤੀ ਹੈ। ਪੰਜਾਬ ਤੇ ਹਰਿਆਣਾ ਬੇਲਰ ਐਸੋਸੀਏਸ਼ਨ ਨੇ ਇਸ ਸਬੰਧੀ ਬਠਿੰਡਾ ਵਿਚ 25 ਸਤੰਬਰ ਨੂੰ ਮੀਟਿੰਗ ਵੀ ਸੱਦ ਲਈ ਹੈ। ਐਸੋਸੀਏਸ਼ਨ ਦੇ ਆਗੂ ਚਰਨਜੀਤ ਸਿੰਘ ਸਰਪੰਚ ਸੱਕਾ ਵਾਲੀ, ਬਲਵਿੰਦਰ ਸਿੰਘ ਦੋਂਦਾ, ਜਗਸੀਰ ਸਿੰਘ ਆਦਨੀਆ ਨੇ ਕਿਹਾ ਕਿ 2009-10 ਦੇ ਸੈਸ਼ਨ ਵਿਚ ਪੰਜਾਬ ਸਰਕਾਰ ਨੇ ਬੇਲਰ ਮਾਲਕਾਂ ਨੂੰ ਸਬਸਿਡੀ ’ਤੇ ਬੇਲਰ ਮਸ਼ੀਨਾਂ ਦਿੱਤੀਆਂ। ਉਸ ਸਮੇਂ 170 ਰੁਪਏ ਪ੍ਰਤੀ ਕੁਇੰਟਲ ਗੰਨੇ ਅਤੇ ਝੋਨੇ ਦੀ ਪਰਾਲੀ ਦੇ ਦਿੱਤੇ ਜਾਂਦੇ ਸਨ, ਪਰ ਹੁਣ ਬਾਇਓਮਾਸ ਪਲਾਂਟਾਂ ਵੱਲੋਂ ਸਿਰਫ਼ 125 ਰੁਪਏ ਪ੍ਰਤੀ ਕੁਇੰਟਲ ਦਿੱਤੇ ਜਾ ਰਹੇ ਹਨ, ਜਦਕਿ ਪੰਜਾਬ ਨੂੰ ਮਹਿੰਗੇ ਭਾਅ ’ਤੇ ਬਿਜਲੀ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਵੱਧ ਰਹੀ ਮਹਿੰਗਾਈ ਅਤੇ ਸਰਕਾਰ ਦੀ ਨੀਤੀਆਂ ਕਾਰਨ ਬੇਲਰ ਮਾਲਕ ਕੰਮ ਛੱਡਣ ਲਈ ਮਜਬੂਰ ਹਨ। ਐਸੋਸੀਏਸ਼ਨ ਨੇ ਕਿਹਾ ਕਿ ਪਹਿਲਾਂ ਧਾਗਾ 80 ਰੁਪਏ ਪ੍ਰਤੀ ਰੋਲ ਸੀ, ਜੋ ਹੁਣ 165 ਰੁਪਏ ਹੋ ਗਿਆ। ਲੋਡਿੰਗ ਦਾ ਖ਼ਰਚ 20 ਤੋਂ 60 ਰੁਪਏ ਪ੍ਰਤੀ ਕੁਇੰਟਲ, ਰੀਪਰ ਦੀ ਕੀਮਤ 10 ਹਜ਼ਾਰ ਤੋਂ 50 ਹਜ਼ਾਰ ਰੁਪਏ ਹੋ ਗਈ, ਜਦਕਿ ਸਪੇਅਰ ਪਾਰਟਸ 40 ਫ਼ੀਸਦੀ ਮਹਿੰਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਤੇਲ ਦੀਆਂ ਕੀਮਤਾਂ ਵੀ ਹੁਣ 100 ਰੁਪਏ ਪ੍ਰਤੀ ਲਿਟਰ ਹੋ ਗਈਆਂ ਹਨ। ਬੇਲਰ ਦੀ ਕੀਮਤ 10 ਲੱਖ ਤੋਂ 16 ਲੱਖ ਹੋ ਗਈ ਹੈ। ਉਨ੍ਹਾਂ ਕਾਰਪੋਰੇਟ ਘਰਾਣਿਆਂ ਦੇ ਚੱਲ ਰਹੇ ਬਾਇਓਮਾਸ ਪਲਾਂਟ ਨੂੰ ਲੁੱਟ ਦਾ ਕੇਂਦਰ ਕਰਾਰ ਦਿੰਦਿਆਂ ਕਿਹਾ ਕਿ ਬਾਇਓਮਾਸ ਪਲਾਂਟ ਵਾਲੇ ਪਰਾਲੀ ਵਿੱਚ ਨਮੀ ਦਾ ਬਹਾਨਾ ਲਾ ਕੇ ਬੇਲਰ ਮਾਲਕਾਂ ਨੂੰ ਚੂਨਾ ਲਗਾ ਰਹੇ ਹਨ। ਪੰਜਾਬ ਵਿਚ ਇਸ ਸਮੇਂ 800, ਜਦੋਂਕਿ ਹਰਿਆਣਾ ਵਿਚ 500 ਦੇ ਲਗਪਗ ਬੇਲਰ ਹਨ।
ਸਰਕਾਰ ਮਸਲੇ ਨੂੰ ਛੇਤੀ ਹੱਲ ਕਰੇ: ਕਿਸਾਨ ਆਗੂ
ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਪ੍ਰਧਾਨ ਕਾਮਰੇਡ ਬਲਕਰਨ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਮਸਲੇ ਨੂੰ ਗੰਭੀਰਤਾ ਨਾਲ ਲਵੇ। ਕਿਸਾਨਾਂ ਨੂੰ ਪ੍ਰਤੀ ਕੁਇੰਟਲ ਝੋਨੇ ਦੀ ਪਰਾਲੀ ’ਤੇ 200 ਰੁਪਏ ਬੋਨਸ ਦੇਵੇ ਅਤੇ ਸਹਿਕਾਰੀ ਸਭਾਵਾਂ ਨੂੰ ਪਰਾਲੀ ਦੀ ਰਹਿੰਦ-ਖੂੰਹਦ ਖ਼ਤਮ ਕਰਨ ਲਈ ਸਸਤੀਆਂ ਦਰਾਂ ’ਤੇ ਮਸ਼ੀਨਾਂ ਮੁਹੱਈਆ ਕਰਵਾਏ।