ਮਨੋਜ ਸ਼ਰਮਾ
ਬਠਿੰਡਾ, 17 ਨਵੰਬਰ
ਕੇਂਦਰ ਸਰਕਾਰ ਖ਼ਿਲਾਫ਼ ਕਿਸਾਨ ਸੰਘਰਸ਼ ਦੀ ਲਾਟ ਅੱਜ 48ਵੇਂ ਦਿਨ ਵਿਚ ਪੁੱਜ ਗਈ। ਪੰਜਾਬ ਦੀਆਂ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਭਰ ਵਿਚ ਧਰਨੇ ਜਾਰੀ ਹਨ। ਪਰ ਮਾਲਵਾ ਖੇਤਰ ਦੇ ਬਠਿੰਡਾ ਜ਼ਿਲ੍ਹੇ ਅੰਦਰ ਚੱਲ ਰਹੇ ਧਰਨਿਆਂ ਦੀ ਲਾਟ ਦੇ ਸਿਖਰ ਵਿਚ ਅੰਗਹੀਣਾਂ ਵੱਲੋਂ ਦਿੱਤੇ ਜਾ ਰਹੇ ਝੋਕੇ ਵੀ ਹਨ, ਜਿਨ੍ਹਾਂ ਨੇ ਕਿਸਾਨੀ ਸੰਘਰਸ਼ ਨੂੰ ਫਿੱਕਾ ਨਹੀਂ ਪੈਣ ਦਿੱਤਾ ਅਤੇ ਧਰਨਿਆਂ ਵਿਚ ਚਰਚਾ ਦਾ ਵਿਸ਼ਾ ਬਣੇ ਹੋਏ। ਜੀਦਾ ਦੇ ਟੌਲ ਪਲਾਜ਼ਾ ਵਿੱਚ ਚੱਲ ਰਹੇ ਧਰਨੇ ਵਿਚ ਮਲੂਕਾ ਪਿੰਡ ਦੇ ਸਰਭਾ ਅਤੇ ਸੇਮਾ ਅੰਗਹੀਣ ਅਤੇ ਮੰਦਬੁੱਧੀ ਹੋਣ ਦੇ ਬਾਵਜੂਦ ਵੀ ਵੱਡਾ ਯੋਗਦਾਨ ਪਾ ਰਹੇ ਹਨ। ਇਸ ਤਰ੍ਹਾਂ ਲਹਿਰਾ ਬੇਗਾ ਵਿੱਚ ਚੱਲ ਰਹੇ ਧਰਨੇ ਵਿਚ ਘੜੈਲੀ ਦਾ ਗੁਰਸ਼ਰਨ ਅਤੇ ਬਠਿੰਡਾ ਦੇ ਬੈੱਸਟ ਪ੍ਰਾਈਸ ਵਿਚ ਗਿੱਦੜਾਂ ਦੇ ਗੁਰਤੇਜ ਨੇ ਧਰਨਿਆਂ ਵਿਚ ਲੰਗਰ ਪਾਣੀ ਦਾ ਜੁਮਾ ਸਾਂਭਿਆ ਹੈ। ਉਨ੍ਹਾਂ ਦੇ ਇਸ ਜਜ਼ਬੇ ਨੂੰ ਸਲਾਮ ਦੇਣੀ ਬਣਦੀ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ 48 ਦਿਨਾਂ ਤੋਂ ਇਹ ਨੌਜਵਾਨ ਅੰਗਹੀਣ ਹੋਣ ਦੇ ਬਾਵਜੂਦ ਵੀ ਸੰਘਰਸ਼ ਵਿਚ ਕੁੱਦੇ ਹੋਏ ਹਨ। ਧਰਨਿਆਂ ਦੇ ਸਿਖਰ ਦੀ ਗੱਲ ਕੀਤੀ ਜਾਵੇ ਤਾਂ ਮਾਲਵੇ ਵਿਚ ਕਲਾਕਾਰ, ਰੰਗ ਕਰਮੀ, ਬੁੱਧੀਜੀਵੀ ਤੇ ਜਮਹੂਰੀ ਕਾਰਕੁਨਾਂ ਦੇ ਨਾਲ ਨਾਲ ਹਰ ਵਰਗ ਨੇ ਸੰਘਰਸ਼ ਨੂੰ ਨਵੀਂ ਦਿਸ਼ਾ ਦਿੱਤੀ ਹੈ। ਢਾਡੀਆਂ ਕਵੀਸ਼ਰਾਂ ਦੀਆਂ ਵਾਰਾਂ ਨੇ ਨੌਜਵਾਨਾਂ ਵਿਚ ਜੋਸ਼ ਭਰਿਆ। ਅੱਜ ਧਰਨੇ ਦੇ ਵੱਡੇ ਇਕੱਠਾਂ ਨੂੰ ਆਖ਼ਰੀ ਹੰਭਲੇ ਵਜੋਂ ਦੇਖਿਆ ਗਿਆ। ਭਾਕਿਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਹਰਜਿੰਦਰ ਸਿੰਘ ਬੱਗੀ, ਬਸੰਤ ਸਿੰਘ ਕੋਠਾ ਗੁਰੂ ਆਦਿ ਨੇ 26 ਨਵੰਬਰ ਨੂੰ ਦਿੱਲੀ ਕੂਚ ਕਰਨ ਤੋਂ ਪਹਿਲਾਂ 21 , 22 , 23 ਨਵੰਬਰ ਨੂੰ ਪਿੰਡ ਜਗਾਓ ਪਿੰਡ ਹਿਲਾਓ ਮੁਹਿੰਮ ਦਾ ਹੋਕਾ ਦਿੱਤਾ, ਜਿਸ ਦੀ ਇਕੱਠੇ ਹੋਏ ਕਿਸਾਨਾਂ ਨੇ ਹੱਥ ਖੜੇ ਕਰ ਕੇ ਪ੍ਰਵਾਨਗੀ ਦਿੱਤੀ।