ਸ਼ਗਨ ਕਟਾਰੀਆ
ਬਠਿੰਡਾ, 28 ਅਪਰੈਲ
ਪੰਜਾਬ ਸਟੂਡੈਂਟਸ ਯੂਨੀਅਨ ਨੇ ਘੱਟ ਗਿਣਤੀਆਂ ਵਿਰੁੱਧ ਕਥਿਤ ਯੋਜਨਾਬੱਧ ਹਿੰਸਾ ਖ਼ਿਲਾਫ਼ ਸਰਕਾਰੀ ਰਾਜਿੰਦਰਾ ਕਾਲਜ ਤੋਂ ਅੰਬੇਡਕਰ ਪਾਰਕ ਤੱਕ ਰੋਸ ਮਾਰਚ ਕਰਕੇ ਵਿਰੋਧ ਜਤਾਇਆ। ਉਨ੍ਹਾਂ ਨੇ ਇਨਸਾਨੀ ਸੋਚ ਨੂੰ ਪ੍ਰਣਾਈਆਂ ਸਮੂਹ ਧਿਰਾਂ ਨੂੰ ਇਸ ਅਣਮਨੁੱਖੀ ਵਰਤਾਰੇ ਵਿਰੁੱਧ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ। ਪੀਐੱਸਯੂ ਦੇ ਜ਼ਿਲ੍ਹਾ ਆਗੂ ਰਾਜਿੰਦਰ ਢਿੱਲਵਾਂ, ਕਾਲਜ ਕਮੇਟੀ ਪ੍ਰਧਾਨ ਅਰਸ਼ਦੀਪ ਕੌਰ, ਕਾਲਜ ਕਮੇਟੀ ਦੇ ਮੀਤ ਪ੍ਰਧਾਨ ਕਰਨਵੀਰ ਕੋਟਭਾਰਾ ਅਤੇ ਅਨੁਰਾਧਾ ਬਾਲਿਆਂ ਵਾਲੀ ਨੇ ਇਸ ਮੌਕੇ ਕਿਹਾ ਕਿ ਜਹਾਂਗੀਰਪੁਰੀ (ਦਿੱਲੀ) ਵਿੱਚ 14 ਅਪਰੈਲ ਨੂੰ ਮੁਸਲਿਮ ਭਾਈਚਾਰੇ ਉੱਤੇ ਨਾਜਾਇਜ਼ ਕਬਜ਼ਿਆਂ ਦਾ ਬਹਾਨਾ ਬਣਾ ਕੇ ਝੁੱਗੀਆਂ, ਖੋਖਿਆਂ ਅਤੇ ਦੁਕਾਨਾਂ ਨੁੂੰ ਨਗਰ ਨਿਗਮ ਵੱਲੋਂ ਢਾਹ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਹਾਕਮ ਜਮਾਤਾਂ ਵੱਲੋਂ ਆਪਣੇ ਰਾਜਕਾਲ ਨੂੰ ਲੰਮਾ ਰੱਖਣ ਲਈ ਬਹੁ ਗਿਣਤੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ, ਘੱਟ ਗਿਣਤੀਆਂ ’ਤੇ ਹਮਲੇ ਕਰਵਾਏ ਜਾਂਦੇ ਰਹੇ ਹਨ ਪਰ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਇਨ੍ਹਾਂ ਘਟਨਾਵਾਂ ਵਿੱਚ ਬੇਅਥਾਹ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਅਰਸੇ ਤੋਂ ਮੀਟ ਜਾਂ ਕੋਈ ਹੋਰ ਬਹਾਨਾ ਬਣਾ ਕੇ ਘੱਟ ਗਿਣਤੀ ਬਾਸ਼ਿੰਦਿਆਂ ਦੀਆਂ ਦੁਕਾਨਾਂ ਫੂਕੀਆਂ ਜਾ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਦੀ ਤੰਦ ਹਿੰਦੂ ਰਾਸ਼ਟਰ ਬਣਾਉਣ ਵਾਲੀ ਆਰਐੱਸਐੱਸ ਦੀ ਫ਼ਿਰਕੁੂ ਸੋਚ ਨਾਲ ਜੁੜਦੀ ਹੈ, ਜਿਸ ਦਾ ਇਜ਼ਹਾਰ ਅਜਿਹੀਆਂ ਭਿਆਨਕ ਘਟਨਾਵਾਂ ਰਾਹੀਂ ਹੋਰ ਨੰਗਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਖ਼ਿਲਾਫ਼ ਬੋਲਣਾ ਆਪਣੇ ਮਨੁੱਖ ਹੋਣ ਦਾ ਸਬੂਤ ਦੇਣਾ ਹੈ ਅਤੇ ਇਸ ਲਈ ਮਾਨਵ ਹਿਤੈਸ਼ੀ ਸਮੂਹ ਸੰਗਠਨਾਂ ਨੂੰ ਜੋਟੀ ਪਾ ਕੇ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਅਖੀਰ ’ਚ ਕਿਹਾ ਕਿ ਫਾਸ਼ੀਵਾਦ ਦੀ ਜੜ੍ਹ ਪੁੱਟ ਕੇ ਹੀ ਇਨ੍ਹਾਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ।
ਪ੍ਰਦਰਸ਼ਨ ਵਿੱਚ ਵਿਦਿਆਰਥੀ ਆਗੂ ਲਖਵੀਰ ਨਸੀਬਪੁਰਾ, ਰਵਨੀਤ ਕੌਰ, ਗੁਰਪ੍ਰੀਤ ਭਗਤਾ, ਰਾਜਿੰਦਰ ਕੌਰ, ਗੁਰਪਾਲ ਕੌਰ, ਅਮਨਦੀਪ, ਨਵਜੋਤ ਕੌਰ, ਭਿੰਦਰ ਰਾਮਨਗਰ, ਵਿਕਰਮ ਰਾਮਪੁਰਾ ਆਦਿ ਆਗੂ ਸ਼ਾਮਲ ਸਨ।