ਪੱਤਰ ਪ੍ਰੇਰਕ
ਬਠਿੰਡਾ, 30 ਜੂਨ
ਅੱਜ ਸਵੇਰੇ ਬਠਿੰਡਾ ਦੇ ਪੁਰਾਣੇ ਬੱਸ ਸਟੈਂਡ ਕੋਲ ਗਲਤ ਸਾਈਡ ਤੋਂ ਟੱਪਣ ਨੂੰ ਲੈ ਕੇ ਇਕ ਅਧਿਆਪਕ ਤੇ ਟਰੈਫਿਕ ਪੁਲੀਸ ਮੁਲਾਜ਼ਮਾਂ ਵਿਚਾਲੇ ਤਕਰਾਰ ਹੋ ਗਈ। ਮਾਮਲਾ ਵਧਦਾ ਦੇਖ ਮੌਕੇ ’ਤੇ ਸਿਵਲ ਲਾਈਨ ਪੁਲੀਸ ਦੇ ਅਧਿਕਾਰੀ ਵੀ ਪੁੱਜੇ, ਜੋ ਮੌਕੇ ’ਤੇ ਵਿਅਕਤੀ ਨੂੰ ਕਾਬੂ ਕਰਕੇ ਥਾਣੇ ਲੈ ਗਏ। ਮਿਲੀ ਜਾਣਕਾਰੀ ਮੁਤਾਬਕ ਮੌੜ ਖੁਰਦ ਸਕੂਲ ਦਾ ਇਕ ਅਧਿਆਪਕ ਜੋ ਬਠਿੰਡਾ ਦੇ ਜੁਝਾਰ ਸਿੰਘ ਨਗਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਉਹ ਆਪਣੇ ਸਕੂਟਰ ’ਤੇ ਸਵਾਰ ਹੋ ਕੇ ਪੁਰਾਣੇ ਬੱਸ ਸਟੈਂਡ ਵੱਲ ਨੂੰ ਜਾ ਰਿਹਾ ਸੀ ਤਾਂ ਇਸ ਦੌਰਾਨ ਉਸਨੇ ਸਕੂਟਰ ਨੂੰ ਗਲਤ ਸਾਈਡ ਤੋਂ ਕੱਢਣਾ ਚਾਹਿਆ ਪਰ ਅੱਗੇ ਖੜ੍ਹੇ ਟਰੈਫਿਕ ਪੁਲੀਸ ਮੁਲਾਜ਼ਮਾਂ ਨੇ ਉਸਨੂੰ ਰੋਕ ਲਿਆ ਤੇ ਉਸਦਾ ਲਾਇਸੈਂਸ ਲੈ ਲਿਆ। ਟਰੈਫਿਕ ਪੁਲੀਸ ਅਨੁਸਾਰ ਇਹ ਅਧਿਆਪਕ ਪਹਿਲਾਂ ਤਾਂ ਚਲਾ ਗਿਆ ਤੇ ਬਾਅਦ ’ਚ ਆ ਕੇ ਝਗੜਾ ਸ਼ੁਰੂ ਕਰ ਦਿੱਤਾ। ਇਸ ਮੌਕੇ ਦੋਨਾਂ ਧਿਰਾਂ ਵਿਚਕਾਰ ਤਕਰਾਰਬਾਜ਼ੀ ਇੰਨੀ ਵਧੀ ਕਿ ਗੁੱਸੇ ’ਚ ਆਏ ਅਧਿਆਪਕ ਨੇ ਪੁਲੀਸ ਮੁਲਾਜ਼ਮਾਂ ਕੋਲ ਮੌਜੂਦ ਟ੍ਰੈਫਿਕ ਚਲਾਨ ਬੁੱਕ ਪਾੜ ਦਿੱਤੀ ਤੇ ਉਨ੍ਹਾਂ ਦੀ ਵਰਦੀ ਨੂੰ ਵੀ ਹੱਥ ਪਾਉਣ ਦੀ ਕੋਸ਼ਿਸ਼ ਕੀਤੀ। ਜਿਸ ਮਗਰੋਂ ਮੌਕੇ ’ਤੇ ਮੌਜੂਦ ਪੁਲੀਸ ਮੁਲਾਜ਼ਮਾਂ ਨੇ ਵੀ ਉਸ ’ਤੇ ਹੱਥ ਗਰਮ ਕੀਤਾ। ਘਟਨਾ ਦਾ ਪਤਾ ਲੱਗਦੇ ਹੀ ਥਾਣਾ ਸਿਵਲ ਲਾਈਨ ਦੇ ਅਧਿਕਾਰੀ ਮੌਕੇ ’ਤੇ ਪੁੱਜੇ ਤੇ ਅਧਿਆਪਕ ਨੂੰ ਮੌਕੇ ’ਤੇ ਹਿਰਾਸਤ ’ਚ ਲੈ ਕੇ ਥਾਣੇ ਲੈ ਗਏ। ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਟ੍ਰੈਫਿਕ ਇੰਚਾਰਜ ਅਮਰੀਕ ਸਿੰਘ ਨੇ ਦੱਸਿਆ ਕਿ ਅਧਿਆਪਕ ਵੱਲੋਂ ਗਲਤੀ ਕੀਤੀ ਗਈ ਸੀ ਤੇ ਉਨ੍ਹਾਂ ਨੇ ਇਸ ਮਾਮਲੇ ਦੀ ਰਿਪੋਰਟ ਥਾਣਾ ਸਿਵਲ ਲਾਈਨ ਪੁਲੀਸ ਨੂੰ ਸੌਂਪ ਦਿੱਤੀ ਹੈ। ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਇਸ ਅਧਿਆਪਕ ਵਿਰੁੱਧ ਸਰਕਾਰੀ ਡਿਊਟੀ ’ਚ ਵਿਘਨ ਪਾਉਣ ਤੇ ਪੁਲੀਸ ਮੁਲਾਜ਼ਮਾਂ ਨਾਲ ਦੁਰਵਿਹਾਰ ਕਰਨ ਦੇ ਦੋਸ਼ਾਂ ਹੇਠ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਸਕੂਲ ਵਿੱਚੋਂ 5 ਕੰਪਿਊਟਰ ਚੋਰੀ
ਮਾਨਸਾ (ਪੱਤਰ ਪ੍ਰੇਰਕ) ਸਰਕਾਰੀ ਹਾਈ ਸਕੂਲ ਰੱਲਾ(ਮੁੰਡੇ) ਵਿੱਚ ਦਿਨ ਦਿਹਾੜੇ ਚੋਰ ਕੰਪਿਊਟਰ ਲੈਬ ਦਾ ਕੁੰਡਾ ਪੁੱਟ ਕੇ ਪੰਜ ਕੰਪਿਊਟਰ, ਇੱਕ ਬੈਟਰੀ ਅਤੇ ਦੋ ਸੀਸੀਟੀਵੀ ਕੈਮਰੇ ਚੋਰੀ ਕਰਕੇ ਲੈ ਗਏ। ਇਹ ਚੋਰੀ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਦੌਰਾਨ ਹੋਈ ਹੈ। ਚੋਰੀ ਦੀ ਇਹ ਘਟਨਾ ਸਕੂਲ ਦੇ ਸੀਸੀਟੀਵੀ ਕੈਮਰਿਆਂ ਵਿੱਚ ਰਿਕਾਰਡ ਹੋ ਗਈ ਹੈ। ਸਕੂਲ ਦੇ ਪ੍ਰਬੰਧਕਾਂ ਅਨੁਸਾਰ ਇਹ ਚੋਰੀ ਦੋ ਔਰਤਾਂ ਵੱਲੋਂ ਕੀਤੀ ਗਈ ਜਾਪਦੀ ਹੈ। ਇਸ ਚੋਰੀ ਸਬੰਧੀ ਥਾਣਾ ਜੋਗਾ ’ਚ ਮਾਮਲਾ ਦਰਜ ਕਰ ਲਿਆ ਹੈ।