ਪੱਤਰ ਪ੍ਰੇਰਕ
ਬਠਿੰਡਾ, 16 ਮਾਰਚ
ਇਥੇ ਅਧਿਆਪਕ ਜਥੇਬੰਦੀਆਂ ਦੀ ਮੀਟਿੰਗ ਵਿਚ ਡੀਟੀਐਫ ਦੇ ਜਗਪਾਲ ਬੰਗੀ, ਈਟੀਟੀ ਅਧਿਆਪਕ ਯੂਨੀਅਨ ਦੇ ਗੁਰਜੀਤ ਜੱਸੀ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਦਰਸ਼ਨ ਸਿੰਘ ਮੌੜ, ਬੀਐਡ ਫਰੰਟ ਦੇ ਸੁਖਦਰਸ਼ਨ ਸਿੰਘ ਨੇ ਕਿਹਾ ਕਿ ਆਪ ਦੇ ਕੁਝ ਨੁਮਾਇੰਦਿਆਂ ਵੱਲੋਂ ਸਕੂਲਾਂ, ਹਸਪਤਾਲਾਂ ਅਤੇ ਹੋਰ ਸਰਕਾਰੀ ਅਦਾਰਿਆਂ ਵਿੱਚ ਜਾ ਕੇ ਮੁਲਾਜ਼ਮਾਂ ਅੰਦਰ ਦਹਿਸ਼ਤ ਪੈਦਾ ਕਰਨ ਅਤੇ ਉਨ੍ਹਾਂ ਨੂੰ ਦਿਖਾਏ ਸੁਪਨਿਆਂ ਨੂੰ ਮਧੋਲਣ ਦਾ ਕੰਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਹੁੰ ਚੁੱਕਣ ਅਤੇ ਸਰਕਾਰ ਦੇ ਗਠਨ ਤੋਂ ਪਹਿਲਾਂ ਹੀ ਇਨ੍ਹਾਂ ਉੱਤੇ ਸੱਤਾ ਦਾ ਨਸ਼ਾ ਇੰਨਾ ਭਾਰੂ ਹੋ ਗਿਆ ਹੈ ਕੀ ਇਹ ਆਪਣੀ ਮਾਣ ਮਰਿਆਦਾ, ਜ਼ਾਬਤਾ ਭੁੱਲ ਕੇ ਬਹੁਤ ਹੀ ਨੀਵੇਂ ਪੱਧਰ ਦੀ ਗੈਰ ਮਿਆਰੀ ਭਾਸ਼ਾ ਅਤੇ ਬਿਆਨਬਾਜ਼ੀ ਕਰਕੇ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਦਾ ਅਪਮਾਨ ਕਰ ਰਹੇ ਹਨ। ਅਧਿਆਪਕ ਜਥੇਬੰਦੀਆਂ ਦੇ ਆਗੂ ਆਪ ਆਗੂਆਂ ਦੀ ਚੈਕਿੰਗ ਸਬੰਧੀ ਪ੍ਰਤੀਕਿਰਿਆ ਦਿੰਦੇ ਹੋਏ।
ਸਕੂਲਾਂ ’ਚ ਬੇਲੋੜੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕਰਾਂਗੇ: ਦੌੜਕਾ
ਫਾਜ਼ਿਲਕਾ (ਪੱਤਰ ਪ੍ਰੇਰਕ): ਹਜ਼ਾਰਾਂ ਅਧਿਆਪਕਾਂ ਦੀ ਕਮੀ ਅਤੇ ਥੁੜਾਂ ਨਾਲ ਜੂਝ ਰਹੇ ਸਰਕਾਰੀ ਸਕੂਲਾਂ ਅੰਦਰ ‘ਆਪ’ ਦੇ ਨਵੇਂ ਚੁਣੇ ਵਿਧਾਇਕਾਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਮਰਥਕਾਂ ਵੱਲੋਂ ਸਕੂਲਾਂ ’ਚ ਬੇਲੋੜੀ ਦਖਲਅੰਦਾਜ਼ੀ ਪ੍ਰਤੀ ਅਧਿਆਪਕ ਜਥੇਬੰਦੀ ਗੌਰਮਿੰਟ ਟੀਚਰਜ਼ ਯੂਨੀਅਨ ਨੇ ਸਖਤ ਰੋਸ ਦਾ ਪ੍ਰਗਟਾਵਾ ਕੀਤਾ ਹੈ। ਜਥੇਬੰਦੀ ਅਨੁਸਾਰ ਵਿਧਾਇਕਾਂ ਦਾ ਕੰਮ ਲੋਕ ਪੱਖੀ ਕਾਨੂੰਨ ਬਣਾਉਣਾ ਅਤੇ ਸਰਕਾਰੀ ਵਿਭਾਗਾਂ ਦੀ ਸਰਪ੍ਰਸਤੀ ਕਰਨਾ ਹੁੰਦਾ ਹੈ। ਨਵੀਂ ਬਣ ਰਹੀ ਸਰਕਾਰ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਰਾਸ਼ਟਰ ਨਿਰਮਾਤਾ ਅਤੇ ਸਮਾਜ ਦੀ ਰੀੜ੍ਹ ਦੀ ਹੱਡੀ ਅਧਿਆਪਕਾਂ ਦਾ ਸਨਮਾਨ ਕਰਨਾ ਸਿੱਖੇ। ਜੀਟੀਯੂ ਫ਼ਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਸ਼ੋਰੇ ਵਾਲਾ ਤੇ ਹੋਰਨਾਂ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ‘ਆਪ’ ਦੇ ਨਵੇਂ ਵਿਧਾਇਕ ਤਾਕਤ ਦੇ ਨਸ਼ੇ ’ਚ ਹੰਕਾਰੀ ਹੋਣ ਦੀ ਭੂਮਿਕਾ ਨਿਭਾ ਰਹੇ ਹਨ।