ਪੱਤਰ ਪ੍ਰੇਰਕ
ਬਠਿੰਡਾ, 10 ਮਈ
ਬਲਵਿੰਦਰ ਸਿੰਘ ਭੁੱਲਰ ਦਾ ਪਾਕਿਸਤਾਨੀ ਸਫ਼ਰਨਾਮਾ ‘ਮੋਹ ਦੀਆਂ ਤੰਦਾਂ ਟੁੱਟਦੀਆਂ ਨਹੀਂ’ ਰਿਲੀਜ਼ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਕਾਮਰੇਡ ਹਰਦੇਵ ਅਰਸ਼ੀ ਅਤੇ ਪ੍ਰਧਾਨਗੀ ਬਲਤੇਜ ਸਿੰਘ ਵਾਂਦਰ ਨੇ ਕੀਤੀ। ਇਨ੍ਹਾਂ ਤੋਂ ਇਲਾਵਾ ਸਾਹਿਤ ਸਭਾ ਦੇ ਪ੍ਰਧਾਨ ਜੇ ਸੀ ਪਰਿੰਦਾ ਅਤੇ ਸ਼੍ਰੋਮਣੀ ਕਹਾਣੀਕਾਰ ਅਤਰਜੀਤ ਪ੍ਰਧਾਨਗੀ ਮੰਡਲ ਵਿੱਚ ਹਾਜ਼ਰ ਸਨ। ਸਮਾਗਮ ਦੀ ਸ਼ੁਰੂਆਤ ਪ੍ਰਧਾਨਗੀ ਮੰਡਲ ਅਤੇ ਹਾਜ਼ਰੀਨ ਲੇਖਕਾਂ ਵੱਲੋਂ ਉਕਤ ਕਿਤਾਬ ਦੀ ਘੁੰਢ ਚੁਕਾਈ ਕਰਕੇ ਕੀਤੀ ਗਈ। ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਨਾਵਲਕਾਰ ਜਸਪਾਲ ਮਾਨਖੇੜਾ ਨੇ ਕਿਹਾ ਕਿ ਕਿਤਾਬ ਦਾ ਸਰਵਰਕ ਹੀ ਆਪਣੇ ਆਪ ਵਿੱਚ ਕਮਾਲ ਦਾ ਚਿੱਤਰਨ ਪੇਸ਼ ਕਰਦਾ ਹੋਇਆ ਕਿਤਾਬ ਵਿਚਲੀ ਸਮੱਗਰੀ ਦੀ ਥਾਹ ਪਾਉਂਦਾ ਪ੍ਰਤੀਤ ਹੁੰਦਾ ਹੈ। ਕਿਤਾਬ ਵਾਰੇ ਬੋਲਦਿਆਂ ਕਹਾਣੀਕਾਰ ਅਤਰਜੀਤ ਨੇ ਕਿਹਾ ਕਿ ਲੇਖਕ ਨੇ ਬਿਰਤਾਂਤਕ ਪੱਖੋਂ ਅਤੇ ਵਿਸ਼ਾ ਪੱਖ ਤੋਂ ਬਹੁਤ ਹੀ ਸ਼ਾਨਦਾਰ ਅਤੇ ਦਲੇਰਾਨਾ ਕੰਮ ਕੀਤਾ ਹੈ। ਕਾਮਰੇਡ ਹਰਦੇਵ ਅਰਸ਼ੀ ਨੇ ਕਿਹਾ ਕਿ ਕਿਤਾਬ ਵਿਚਲੀ ਸਮੱਗਰੀ ਇੰਨੀ ਦਿਲਚਸਪ ਹੈ ਕਿ ਪਾਠਕ ਕਿਤਾਬ ਪੜ੍ਹਦਿਆਂ ਹੋਇਆ ਖੁਦ ਨੂੰ ਪਾਤਰ ਮਹਿਸੂਸ ਕਰਦਾ ਹੈ। ਸਭਾ ਦੇ ਪ੍ਰਚਾਰ ਸਕੱਤਰ ਅਮਨ ਦਾਤੇਵਾਸੀਆ ਨੇ ਸਮਾਗਮ ਵਿੱਚ ਪਹੁੰਚੇ ਲੇਖਕਾਂ ਦਾ ਧੰਨਵਾਦ ਕੀਤਾ।