ਪਵਨ ਗੋਇਲ
ਭੁੱਚੋ ਮੰਡੀ, 2 ਸਤੰਬਰ
ਪਿੰਡ ਲਹਿਰਾ ਮੁਹੱਬਤ ਦੇ ਵਾਸੀਆਂ ਨੇ ਇਨਕਲਾਬੀ ਕੇਂਦਰ ਪੰਜਾਬ ਅਤੇ ਕਿਸਾਨ ਜੱਥੇਬੰਦੀਆਂ ਦੀ ਅਗਵਾਈ ਵਿੱਚ ਪਿੰਡ ਦੇ ਦੋ ਚਚੇਰੇ ਕਿਸਾਨ ਭਰਾਵਾਂ ਦੀ ਪੁਲੀਸ ਵੱਲੋਂ ਕਥਿਤ ਕੁੱਟਮਾਰ ਵਿਰੁੱਧ ਭੁੱਚੋ ਪੁਲੀਸ ਚੌਕੀ ਅੱਗੇ ਧਰਨਾ ਦਿੱਤਾ ਅਤੇ ਪੁਲੀਸ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਸੁਖਮੰਦਰ ਸਿੰਘ ਨੇ ਦੱਸਿਆ ਕਿ ਮੰਗਲਵਾਰ ਦੀ ਰਾਤ ਨੂੰ 11:47 ਵਜੇ ਉਨ੍ਹਾਂ ਪਾਣੀ ਲਗਾਉਣ ਦੀ ਵਾਰੀ ਸੀ। ਉਸ ਦਾ ਭਰਾ ਮੇਜਰ ਸਿੰਘ ਅਤੇ ਚਚੇਰਾ ਭਾਈ ਸੁਖਚੈਨ ਸਿੰਘ ਕਹੀਆਂ ਲੈ ਕੇ ਸੀਮਿੰਟ ਫੈਕਟਰੀ ਨੇੜਲੇ ਖੇਤ ਵਿੱਚ ਫ਼ਸਲ ਨੂੰ ਨਹਿਰੀ ਪਾਣੀ ਲਗਾਉਣ ਜਾ ਰਹੇ ਸਨ। ਇਸ ਦੌਰਾਨ ਪੁਲੀਸ ਮੁਲਾਜ਼ਮ ਇਨ੍ਹਾਂ ਨੂੰ ਚੁੱਕ ਕੇ ਚੌਕੀ ਵਿੱਚ ਲੈ ਗਏ। ਅੱਜ ਸਵੇਰੇ ਜਦੋਂ ਅਸੀਂ ਪਿੰਡ ਦੇ ਮੋਹਤਬਰਾਂ ਸਮੇਤ ਇਨ੍ਹਾਂ ਨੂੰ ਛੁਡਾਉਣ ਲਈ ਚੌਕੀ ਪੁੱਜੇ ਤਾਂ ਉਸ ਦੇ ਭਰਾਵਾਂ ਨੇ ਆਪਣੀ ਹੱਡ ਬੀਤੀ ਸੁਣਾਉਦਿਆਂ ਪਿੰਡ ਵਾਸੀਆਂ ਨੂੰ ਦੱਸਿਆ ਕਿ ਪੁਲੀਸ ਨੇ ਉਨ੍ਹਾਂ ਦੀ ਭਾਰੀ ਕੁੱਟਮਾਰ ਕੀਤੀ ਹੈ। ਇਸ ਗੱਲ ਤੋਂ ਨਾਰਾਜ਼ ਪਿੰਡ ਵਾਸੀਆਂ ਨੇ ਪੁਲੀਸ ਚੌਕੀ ਅੱਗੇ ਧਰਨਾ ਲਗਾ ਦਿੱਤਾ। ਇਸ ਮੌਕੇ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਜਗਜੀਤ ਸਿੰਘ ਲਹਿਰਾ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂ ਗੁਰਮੇਲ ਸਿੰਘ, ਬਲਵੀਰ ਸਿੰਘ ਅਤੇ ਡਕੌਂਦਾ ਗਰੁੱਪ ਦੇ ਰਾਮਪਾਲ ਸਿੰਘ ਲਹਿਰਾ, ਜੱਥੇਦਾਰ ਜਸਪਾਲ ਸਿੰਘ, ਸੁਖਪਾਲ ਸਿੰਘ ਨੇ ਮੰਗ ਕੀਤੀ ਕਿ ਬੇਕਸੂਰ ਕਿਸਾਨਾਂ ਦੀ ਕੁੱਟਮਾਰ ਕਰਨ ਵਾਲੇ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਥਾਣਾ ਨਥਾਣਾ ਦੇ ਐਸਐਚਓ ਤਰਨਦੀਪ ਸਿੰਘ ਦੀ ਅਗਵਾਈ ਵਿੱਚ ਚਾਰੇ ਪੁਲੀਸ ਮੁਲਾਜ਼ਮਾਂ ਨੇ ਧਰਨੇ ਵਿੱਚ ਆ ਕੇ ਲੋਕਾਂ ਨੂੰ ਮੁਆਫ਼ੀ ਮੰਗੀ ਅਤੇ ਕਿਹਾ ਕਿ ਉਹ ਅੱਗੇ ਤੋਂ ਅਜਿਹੀ ਗਲਤੀ ਨਹੀਂ ਕਰਨਗੇ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਧਰਨਾ ਚੁੱਕ ਦਿੱਤਾ। ਚੌਕੀ ਇੰਚਾਰਜ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਰਾਤ ਸਮੇਂ ਲਹਿਰਾ ਮੁਹੱਬਤ ਦੀ ਅਲਟਰਾਟੈੱਕ ਸੀਮਿੰਟ ਫੈਕਟਰੀ ਦੇ ਸਟਾਫ਼ ਦਾ ਫੋਨ ਆਇਆ ਸੀ ਕਿ ਕੁੱਝ ਨੌਜਵਾਨ ਸੀਮਿੰਟ ਢੋਹਣ ਵਾਲੇ ਟਰੱਕ ਚਾਲਕਾਂ ਦੀ ਲੁੱਟ-ਘਸੁੱਟ ਕਰਦੇ ਹਨ। ਜਦੋਂ ਡਿਊਟੀ ਅਫਸਰ ਏਐੱਸਆਈ ਗੁਰਬਿੰਦਰ ਸਿੰਘ ਸਟਾਫ਼ ਨਾਲ ਉੱਥੇ ਪਹੁੰਚਿਆਂ ਤਾਂ ਟਰੱਕ ਚਾਲਕਾਂ ਨੇ ਦੋ ਲੜਕਿਆਂ ਨੂੰ ਪੁਲੀਸ ਦੇ ਸਪੁਰਦ ਕੀਤਾ।