ਮਨੋਜ ਸ਼ਰਮਾ
ਬਠਿੰਡਾ 12 ਨਵੰਬਰ
ਪੰਜਾਬ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਜ਼ਿਲ੍ਹੇ ਅੰਦਰ ਪਸੂਆਂ ਦੇ ਮੂੰਹ ਖੁਰ ਦੇ ਟੀਕੇ ਲਾਉਣ ਦੀ ਮੁਹਿੰਮ ਵਿਵਾਦਾਂ ਵਿੱਚ ਘਿਰ ਗਈ ਹੈ। ਵਿਭਾਗ ਨੇ ਜ਼ਿਲ੍ਹੇ ਦੇ ਡਾਕਟਰਾਂ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਪਸ਼ੂ ਬਿਮਾਰੀ ਕੰਟਰੋਲ ਪ੍ਰੋਗਰਾਮ ਮੁਹਿੰਮ ਤਹਿਤ ਪਸ਼ੂਆਂ ਦੀ ਵੈਕਸੀਨੇਸ਼ਨ ਕਰਨ ਮੌਕੇ ਪਸ਼ੂਆਂ ਦੇ ਕੰਨ ਵੀ ਟੈਗ ਕੀਤੇ ਜਾਣ ਅਤੇ ਹਰ ਪਿੰਡ ਵਿਚਲੇ ਕਿਸਾਨਾਂ ਦੇ ਪਿੰਡ ਵਾਈਜ਼ ਪਸ਼ੂਆਂ ਦੀ ਗਿਣਤੀ ਕਰ ਕੇ ਆਨਲਾਈਨ ਪੋਰਟਲ ’ਤੇ ਅਪਲੋਡ ਕੀਤੀ ਜਾਵੇ। ਜ਼ਿਲ੍ਹੇ ਦੇ ਇੱਕ ਵੈਟਰਨਰੀ ਇੰਸਪੈਕਟਰ ਨੇ ਦੱਸਿਆ ਕਿ ਜਦੋਂ ਪਿੰਡਾਂ ਅੰਦਰ ਮੂੰਹ ਖੁਰ ਬਿਮਾਰੀ ਦੇ ਟੀਕੇ ਲਗਾਉਣ ਜਾਂਦੇ ਹਨ ਤਾਂ ਪਸ਼ੂ ਪਾਲਕ ਪਸ਼ੂ ਦਾ ਕੰਨ ਟੈਗ ਕਰਨ ਤੋਂ ਕੰਨੀ ਕਤਰਾਉਂਦਾ ਹੈ, ਕਿਉਂਕਿ ਪਿੰਡਾਂ ਦੇ ਕਿਸਾਨਾਂ ਨੂੰ ਇਸ ਗੱਲ ਦਾ ਵਹਿਮ ਪੈਦਾ ਹੋ ਗਿਆ ਹੈ ਕਿ ਸਰਕਾਰ ਵੱਲੋਂ ਪਸ਼ੂਆਂ ’ਤੇ ਵੀ ਟੈਕਸ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਵੈਟਰਨਰੀ ਡਾਕਟਰਾਂ ਨੇ ਦੱਸਿਆਂ ਕਿ ਪਿੰਡਾਂ ਵਿੱਚ ਪਸ਼ੂ ਪਾਲਣ ਵਿਭਾਗ ਦੀ ਇਹ ਮੁਹਿੰਮ ਸਿਰੇ ਲਗਦੀ ਦਿਖਾਈ ਨਹੀਂ ਦੇ ਰਹੀ। ਬਠਿੰਡਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਵੈਕਸੀਨੇਸ਼ਨ ਕਰ ਰਹੇ ਵੈਟਰਨਰੀ ਵਿਭਾਗ ਦੇ ਇੰਸਪੈਕਟਰਾਂ ਅਤੇ ਡਾਕਟਰਾਂ ਦੱਸਿਆ ਕਿ ਉਨ੍ਹਾਂ ਨੂੰ ਪਿੰਡਾਂ ਵਿੱਚ ਪਸ਼ੂ ਪਾਲਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਿਸਾਨ ਵੈਕਸੀਨੇਸ਼ਨ ਤਾਂ ਕਰਵਾ ਲੈਂਦੇ ਹਨ ਜਦੋਂ ਕਿ ਪਸ਼ੂ ਦੇ ਕੰਨਾਂ ’ਤੇ ਟੈਗ ਲਗਾਉਣ ਲਈ ਤਿਆਰ ਨਹੀਂ। ਕਿਸਾਨ ਯੂਨੀਅਨ ਨੇ ਪਿੰਡਾਂ ਵਿੱਚ ਕਿਸਾਨਾਂ ਨੂੰ ਲਾਮਬੰਦ ਕਰਦੇ ਹੋਏ ਕਿਹਾ ਕਿ ਡੰਗਰਾਂ ਦੇ ਟੈਗ ਲਗਾਉਣ ਵਾਲੀ ਮੁਹਿੰਮ ਦਾ ਵਿਰੋਧ ਕੀਤਾ ਜਾਵੇ । ਇਸ ਸਬੰਧੀ ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਪਸ਼ੂ ਬਚਾਓ ਮੁਹਿੰਮ ’ਤੇ ਕੋਈ ਇਤਰਾਜ਼ ਨਹੀਂ ਪਰ ਟੈਗ ਦਾ ਉਹ ਵਿਰੋਧ ਕਰਦੇ ਹਨ। ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਪਵਨ ਸਿੰਗਲਾ ਨੇ ਸਪਸ਼ਟ ਕੀਤਾ ਕਿ ਟੈਗ ਅੰਦਰ ਕੋਈ ਚਿੱਪ ਨਹੀਂ ਲਗਾਈ ਅਤੇ ਨਾਂ ਹੀ ਕੋਈ ਪਸ਼ੂ ਪਾਲਕਾਂ ’ਤੇ ਟੈਕਸ ਲਗਾਇਆ ਜਾ ਰਿਹਾ ਇਹ ਸਿਰਫ਼ ਰਿਕਾਰਡ ਰੱਖਣ ਲਈ ਕੀਤਾ ਜਾ ਰਿਹਾ ਹੈ।