ਸ਼ਗਨ ਕਟਾਰੀਆ
ਬਠਿੰਡਾ, 2 ਅਕਤੂਬਰ
ਮਿਸ਼ਨ ‘ਤੰਦਰੁਸਤ ਪੰਜਾਬ’ ਤਹਿਤ ਗਾਂਧੀ ਜੈਅੰਤੀ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜ਼ਿਲ੍ਹਾ ਬਠਿੰਡਾ ਦੇ ਸਮੂਹ ਬਲਾਕਾਂ ਵਿੱਚ ਪੇਂਡੂ ਖੇਡ ਮੈਦਾਨਾਂ ਅਤੇ ਸਟੇਡੀਅਮਾਂ ਦੇ ਵਰਚੂਅਲ ਆਨਲਾਈਨ ਨੀਂਹ ਪੱਥਰ ਰੱਖਣ ਦੀ ਰਸਮ ਨਿਭਾਈ ਗਈ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਦੇ ਝੂੰਬਾ, ਦਿਆਲਪੁਰਾ ਮਿਰਜ਼ਾ, ਖੇਮੂਆਣਾ, ਮਾਣਕਖਾਨਾ, ਕਲਿਆਣ ਮਲਕਾ, ਸਿਧਾਣਾ, ਘੜੈਲੀ, ਰਾਏਕੇ ਕਲਾਂ ਅਤੇ ਜੀਵਨ ਸਿੰਘ ਵਾਲਾ ਵਿੱਚ ਸਟੇਡੀਅਮਾਂ ਦੀ ਉਸਾਰੀ ਦਾ ਕੰਮ ਸ਼ੁਰੂ ਹੋਣ ਦੇ ਨਾਲ ਹੀ ਮਿਆਰੀ ਸਟੇਡੀਅਮ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਤਹਿਤ ਜ਼ਿਲ੍ਹੇ ਦੇ 9 ਖੇਡ ਸਟੇਡੀਅਮਾਂ ਦੇ ਨੀਂਹ ਪੱਥਰ ਰੱਖੇ ਗਏ ਹਨ ਅਤੇ ਇਸੇ ਪ੍ਰੋਗਰਾਮ ਤਹਿਤ ਜ਼ਿਲ੍ਹੇ ਦੇ 9 ਬਲਾਕਾਂ ’ ਚ 9 ਸਟੇਡੀਅਮ ਬਣਾਏ ਜਾਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਰਮਵੀਰ ਸਿੰਘ, ਇੰਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਕੇ.ਕੇ. ਅਗਰਵਾਲ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜਗਰੂਪ ਸਿੰਘ ਗਿੱਲ, ਅਰੁਣ ਵਧਾਵਨ ਤੋਂ ਇਲਾਵਾ ਡੀਡੀਪੀਓ ਹਰਜਿੰਦਰ ਸਿੰਘ ਜੱਸਲ ਆਦਿ ਮੌਜੂਦ ਸਨ।