ਮਨੋਜ ਸ਼ਰਮਾ
ਬਠਿੰਡਾ, 4 ਫਰਵਰੀ
ਅਫ਼ਸਰੀ ਰੌਅਬ ਦਾਬ ਰਾਹੀਂ ਸਕੂਲਾਂ ਵਿੱੱਚ ਤਰਕਹੀਣ ਵਿਦਿਅਕ ਮਾਹੌਲ ਬਣਾਉਣ ਅਤੇ ਮੁਲਾਜ਼ਮ ਮੰਗਾਂ ਨੂੰ ਅਣਗੌਲਿਆਂ ਕਰਨ ਖਿਲਾਫ਼ ਅੱਜ ਡੈਮੋਕਰੈਟਿਕ ਟੀਚਰਜ਼ ਫਰੰਟ ਦੀ ਇਕਾਈ ਬਠਿੰਡਾ ਵੱਲੋਂ ਇੱਥੇ ਮਿਨੀ ਸਕੱਤਰੇਤ ਸਾਹਮਣੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ ਅਤੇ ਸ਼ਹਿਰ ਵਿੱਚ ਰੈਲੀ ਕੱਢੀ ਗਈ। ਡੀਟੀਐੱਫ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਰੇਸ਼ਮ ਸਿੰਘ, ਸਕੱਤਰ ਬਲਜਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਤੇ ਵਿਦਿਆਰਥੀਆਂ ਉੱਤੇ ਮਾਨਸਿਕ ਅਤੇ ਆਰਥਿਕ ਬੋਝ ਪਾ ਕੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ 6060 ਮਾਸਟਰ ਕੇਡਰ ਅਧਿਆਪਕ ਯੂਨੀਅਨ ,5178 ਮਾਸਟਰ ਕੇਡਰ ਯੂਨੀਅਨ , ਐੱਸਐੱਸਏ/ਰਮਸਾ, ਬੀ.ਐੱਡ ਫਰੰਟ, ਐੱਸਐੱਲਏ ਯੂਨੀਅਨ, ਈਟੀਟੀ ਟੀਚਰਜ਼ ਯੂਨੀਅਨ (ਸਹੋਤਾ) ਆਦਿ ਜਥੇਬੰਦੀਆਂ ਨੇ ਮੁਜ਼ਾਹਰੇ ਵਿੱੱਚ ਸ਼ਮੂਲੀਅਤ ਕਰ ਕੇ ਸਰਕਾਰ ਖਿਲਾਫ਼ ਇਕਜੁੱਟ ਹੋ ਕੇ ਤਕੜਾ ਸੰਘਰਸ਼ ਕਰਨ ਦਾ ਅਹਿਦ ਕੀਤਾ।
ਫ਼ਿਰੋਜ਼ਪੁਰ (ਸੰਜੀਵ ਹਾਂਡਾ): ਸਿੱਖਿਆ ਨੂੰ ਬਚਾਉਣ ਅਤੇ ਅਧਿਆਪਕਾਂ ਤੇ ਵਿਦਿਆਰਥੀਆਂ ਦੀਆਂ ਮੰਗਾਂ ਤੇ ਮਸਲਿਆਂ ਨੂੰ ਲੈ ਕੇ ਡੀਟੀਐਫ਼ ਦੀ ਸਥਾਨਕ ਇਕਾਈ ਵੱਲੋਂ ਅੱਜ ਡੀਸੀ ਦਫ਼ਤਰ ਮੂਹਰੇ ਪੰਜਾਬ ਸਰਕਾਰ ਦਾ ਪੁਤਲਾ ਫ਼ੂਕਿਆ ਗਿਆ। ਡੀਟੀਐਫ਼ ਦੇ ਜ਼ਿਲ੍ਹਾ ਪ੍ਰਧਾਨ ਰਾਜਦੀਪ ਅਤੇ ਸਕੱਤਰ ਬਲਰਾਮ ਸ਼ਰਮਾ ਨੇ ਕਿਹਾ ਕਿ ਜਥੇਬੰਦੀ ਵਿਦਿਆਰਥੀਆਂ ਦੀਆਂ ਫ਼ੀਸਾਂ ਮੁਆਫ਼ ਕਰਨ ਅਤੇ ਵਸੂਲੀਆਂ ਫ਼ੀਸਾਂ ਵਾਪਸ ਕਰਨ ਦੀ ਮੰਗ ਕਰਦੀ ਹੈ।
ਮਾਨਸਾ (ਜੋਗਿੰਦਰ ਸਿੰਘ ਮਾਨ): ਡੀਟੀਐੱਫ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਪੰਜਾਬ ਸਰਕਾਰ ਅਤੇ ਸਿੱਖਿਆ ਸਕੱਤਰ ਦੀ ਅਰਥੀ ਸਾੜੀ ਗਈ। ਅਧਿਆਪਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਤਾਮਕੋਟ ਨੇ ਕਿਹਾ ਕਿ ਸਕੂਲਾਂ ਅੰਦਰ ਸੁਖਾਵਾਂ ਮਾਹੌਲ ਬਣਾਉਣ, ਦਬਸ਼ ਭਰਿਆ ਮਾਹੌਲ ਖ਼ਤਮ ਕਰਨ, ਡੀ.ਏ, ਤਨਖਾਹ ਕਮਿਸ਼ਨ ਲਾਗੂ ਕਰਨ ਤੇ ਕੇਂਦਰੀ ਤਨਖਾਹ ਪੈਟਰਨ ਰੱਦ ਕਰਨ ਆਦਿ ਮੰਗਾਂ ਮਨਵਾਉਣ ਲਈ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ ਹੈ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਇੱਥੇ ਜ਼ਿਲ੍ਹਾ ਸਕੱਤਰੇਤ ਅੱਗੇ ਡੀਟੀਐੱਫ ਨੇ ਜਨਤਕ ਸਿੱਖਿਆ ਨੂੰ ਬਚਾਉਣ ਤੇ ਅਧਿਆਪਕ, ਵਿਦਿਆਰਥੀਆਂ ਮਸਲਿਆਂ ਨੂੰ ਲੈ ਕੇ ਰਾਜ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ ਕੀਤਾ। ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਦਿਗਵਿਜੈਪਾਲ ਸ਼ਰਮਾ, ਸੁਖਪਾਲਜੀਤ ਆਦਿ ਨੇ ਕਿਹਾ ਕਿ ਸਕੂਲ ਖੁੱਲ੍ਹਣ ਬਾਵਜੂਦ ਗੈਰਮਨੋਵਿਗਿਆਨਕ ਪ੍ਰਭਾਵ ਵਾਲੀ ਆਨਲਾਈਨ ਸਿੱਖਿਆ ਬੰਦ ਨਹੀਂ ਕੀਤੀ ਜਾ ਰਹੀ ਹੈ ਜਿਸ ਦਾ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਮਾੜਾ ਪ੍ਰਭਾਵ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਾਰਪੋਰੇਟਾਂ ਦੀ ਸ਼ਹਿ ’ਤੇ ਸਿੱਖਿਆ ਦਾ ਨਿੱਜੀਕਰਨ ਤੇ ਜਨਤਕ ਸਿੱਖਿਆ ਦਾ ਉਜਾੜਾ ਕਰਨ ਲਈ ਕੇਂਦਰ ਸਰਕਾਰ ਵੱਲੋਂ ਲਿਆਂਦੀ ਨਵੀਂ ਸਿੱਖਿਆ ਨੀਤੀ 2020 ਨੂੰ ਲਾਗੂ ਕਰਨ ਲਈ ਪੰਜਾਬ ਸਰਕਾਰ ਤਤਪਰ ਹੈ।