ਸ਼ਗਨ ਕਟਾਰੀਆ
ਬਠਿੰਡਾ, 11 ਸਤੰਬਰ
2 ਸਤੰਬਰ ਤੋਂ ਇਥੇ ਧਰਨੇ ’ਤੇ ਬੈਠੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਵਰਕਰਾਂ ਨੇ ਅੱਜ ਇਥੋਂ ਦੇ ਮਿੰਨੀ ਸਕੱਤਰੇਤ ਦੇ ਸਮੁੱਚੇ ਗੇਟਾਂ ਦਾ ਦੋ ਘੰਟਿਆਂ ਲਈ ਘਿਰਾਓ ਕੀਤਾ।
ਧਰਨੇ ਦੀ ਅਗਵਾਈ ਕਰ ਰਹੇ ਸੂਬਾਈ ਆਗੂ ਕਾਕਾ ਸਿੰਘ ਕੋਟੜਾ, ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਅਤੇ ਰੇਸ਼ਮ ਸਿੰਘ ਯਾਤਰੀ ਦਾ ਕਹਿਣਾ ਸੀ ਕਿ ਜਥੇਬੰਦੀ ਵੱਲੋਂ ਪਿਛਲੇ ਵਰ੍ਹੇ ਜੈਤੋ ’ਚ ਲਾਏ ਸੂਬਾ ਪੱਧਰੀ ਧਰਨੇ ’ਚ ਸਰਕਾਰ ਨੇ ਮੰਨਿਆ ਸੀ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ’ਤੇ ਦਰਜ ਪੁਲੀਸ ਕੇਸ ਤੇ ਜੁਰਮਾਨੇ ਰੱਦ ਹੋਣਗੇ। ਜਿਨ੍ਹਾਂ ਖੇਤਾਂ ’ਚ ਪਰਾਲੀ ਨੂੰ ਅੱਗ ਲਾਈ ਗਈ ਸੀ, ਉਸ ਦੀ ਜਮ੍ਹਾਂਬੰਦੀ ’ਤੇ ਮਾਲ ਵਿਭਾਗ ਦੇ ਰਿਕਾਰਡ ’ਚ ਲਾਲ ਲਕੀਰ ਖਤਮ ਹੋਵੇਗੀ। ਇਸ ਤੋਂ ਇਲਾਵਾ ਜੈਤੋ ਮੋਰਚੇ ’ਚ ਜਾਨ ਤੋਂ ਹੱਥ ਧੋ ਬੈਠੇ ਪਿੰਡ ਕੋਟੜਾ ਦੇ ਕਿਸਾਨ ਜਗਸੀਰ ਸਿੰਘ ਦੇ ਪਰਿਵਾਰ ਨੂੰ ਸਰਕਾਰ ਨੌਕਰੀ ਅਤੇ 15 ਲੱਖ ਰੁਪਏ ਦੇ ਮੁਆਵਜ਼ਾ ਦਾ ਕਥਿਤ ਵਾਅਦਾ ਮੁੱਖ ਮੰਤਰੀ ਦੇ ਸਲਾਹਕਾਰ ਸੰਦੀਪ ਸੰਧੂ ਨੇ ਕੀਤਾ ਸੀ, ਜੋ ਅਜੇ ਪੂਰਾ ਨਹੀਂ ਹੋਇਆ। ਆਗੂਆਂ ਨੇ ਮੰਡੀ ਕਲਾਂ ਨਗਰ ਪੰਚਾਇਤ ਨੂੰ ਤੋੜ ਕੇ ਗ੍ਰਾਮ ਪੰਚਾਇਤ ਬਣਾਏ ਜਾਣ ਦੀ ਵੀ ਮੰਗ ਕੀਤੀ। ਉਨ੍ਹਾਂ ਸਖ਼ਤ ਲਹਿਜ਼ੇ ’ਚ ਕਿਹਾ ਕਿ ਬਠਿੰਡੇ ਦਾ ਧਰਨਾ ਉਦੋਂ ਹੀ ਸਮਾਪਤ ਹੋਵੇਗਾ ਜਦੋਂ ਸਾਰੀਆਂ ਮੰਗਾਂ ਅਮਲੀ ਰੂਪ ’ਚ ਲਾਗੂ ਹੋ ਜਾਣਗੀਆਂ। ਇਸ ਵਿਖਾਵੇ ਵਿਚ ਮੁਖਤਿਆਰ ਸਿੰਘ ਕੁੱਬੇ, ਜੋਧਾ ਸਿੰਘ ਨੰਗਲਾਂ, ਰਣਜੀਤ ਸਿੰਘ ਜੀਦਾ, ਅਰਜਨ ਸਿੰਘ ਫੂਲ, ਭੋਲਾ ਸਿੰਘ ਕੋਟੜਾ, ਬਲਵਿੰਦਰ ਸਿੰਘ ਜੋਧਪੁਰ, ਕਰਮ ਸਿੰਘ ਰਾਮਪੁਰਾ, ਗੁਰਜੰਟ ਸਿੰਘ ਸੇਖਪੁਰਾ, ਸੁਖਦੇਵ ਸਿੰਘ ਫੂਲ, ਕੁਲਵੰਤ ਸਿੰਘ ਬਠਿੰਡਾ, ਜਵਾਹਰ ਸਿੰਘ ਨਥਾਣਾ, ਅੰਗਰੇਜ਼ ਕਲਿਆਣ, ਪਰਵਿੰਦਰ ਗਹਿਰੀ ਆਦਿ ਕਿਸਾਨ ਸ਼ਾਮਲ ਸਨ।