ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 30 ਅਪਰੈਲ
ਇੱਥੋਂ ਦੇ ਬਹੁਮੰਤਵੀ ਖੇਡ ਸਟੇਡੀਅਮ ਦੇ ਸਾਹਮਣੇ ਜਗ੍ਹਾ ਨੂੰ ਲੈ ਕੇ ਕੁਝ ਸੰਸਥਾਵਾਂ ਅਤੇ ਜ਼ਿਲ੍ਹਾ ਪਰਿਸ਼ਦ ਵਿਚਾਲੇ ਪੈਦਾ ਹੋਇਆ ਵਿਵਾਦ ਅੱਜ ਆਖ਼ਰਕਾਰ ਸੁਲਝ ਗਿਆ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਉਕਤ ਜਗ੍ਹਾ ਦਾ ਦੌਰਾ ਕੀਤਾ ਅਤੇ ਮਾਮਲੇ ਦੀ ਪੂਰੀ ਜਾਣਕਾਰੀ ਲਈ। ਉਨ੍ਹਾਂ ਗੁਰਦੁਆਰਾ ਭਾਈ ਜਗਤਾ ਜੀ, ਗੁਰੂ ਹਰਕਿ੍ਰਸ਼ਨ ਸਕੂਲ ਕਿਰਪਾਲ ਆਸ਼ਰਮ ਸਮੇਤ ਹੋਰਨਾਂ ਸੰਸਥਾਵਾਂ ਨੂੰ ਭਰੋਸਾ ਦਿੱਤਾ ਕਿ ਉਕਤ ਜਗ੍ਹਾ ’ਤੇ ਪਹਿਲਾਂ ਦੀ ਤਰ੍ਹਾਂ ਪਾਰਕਿੰਗ ਜਾਰੀ ਰਹੇਗੀ ਅਤੇ ਚਾਰਦੀਵਾਰੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਈ ਵਾਰ ਸਰਕਾਰੀ ਅਧਿਕਾਰੀਆਂ ਨੂੰ ਜ਼ਮੀਨੀ ਹਕੀਕਤ ਦਾ ਪਤਾ ਨਹੀਂ ਹੁੰਦਾ ਜਿਸ ਕਾਰਨ ਜ਼ਿਲ੍ਹਾ ਪਰਿਸ਼ਦ ਨੇ ਇਸ ਜਗ੍ਹਾ ਦੀ ਚਾਰਦੀਵਾਰੀ ਸ਼ੁਰੂ ਕਰ ਦਿੱਤੀ ਸੀ। ਵਿੱਤ ਮੰਤਰੀ ਨੇ ਕਿਹਾ ਕਿ ਅਜਿਹਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੇ ਬਿਨਾ ਕੀਤਾ ਗਿਆ ਸੀ ਪਰ ਹੁਣ ਉਹ ਵਿਸ਼ਵਾਸ ਦਿਵਾਉਂਦੇ ਹਨ ਕਿ ਉਕਤ ਜਗ੍ਹਾ ਪਾਰਕਿੰਗ ਲਈ ਹੀ ਰਹੇਗੀ।
ਬਹੁਮੰਤਵੀ ਖੇਡ ਸਟੇਡੀਅਮ ਸਾਹਮਣੇ ਵਕਫ਼ ਬੋਰਡ ਤੋਂ ਲੀਜ਼ ’ਤੇ ਲਈ ਜ਼ਿਲ੍ਹਾ ਪਰਿਸ਼ਦ ਦੀ ਜਗ੍ਹਾ ਖਾਲੀ ਪਈ ਹੈ, ਜਿਸ ਨੂੰ ਕਈ ਸਕੂਲ ਅਤੇ ਗੁਰਦੁਆਰਾ ਪ੍ਰਬੰਧਕ ਪਾਰਕਿੰਗ ਲਈ ਵਰਤ ਰਹੇ ਹਨ। ਕੱਲ੍ਹ ਉਕਤ ਜਗ੍ਹਾ ਤੇ ਜ਼ਿਲ੍ਹਾ ਪਰਿਸ਼ਦ ਨੇ ਚਾਰਦੀਵਾਰੀ ਕਰਨ ਲਈ ਨੀਂਹਾਂ ਪੁੱਟ ਦਿੱਤੀਆਂ ਸਨ।