ਪੱਤਰ ਪ੍ਰੇਰਕ
ਬਠਿੰਡਾ, 4 ਜੁਲਾਈ
ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੀਆਂ ਸੜਕਾਂ ’ਤੇ ਵੱਡੇ ਵੱਡੇ ਕੌਮੀ ਸ਼ਾਹ ਮਾਰਗ ਬਣਾਉਣ ਵੇਲੇ ਵੱਡੇ ਵੱਡੇ ਦਰੱਖਤਾਂ ਨੂੰ ਕੱਟਿਆ ਗਿਆ ਹੈ। ਜੰਗਲਾਤ ਵਿਭਾਗ ਵੱਲੋਂ ਇਸੇ ਤਹਿਤ ਜ਼ਿਲ੍ਹੇ ਵਿੱਚ ਇਸ ਸਾਲ, ਵਿਭਾਗ ਨੇ ਜਿਲ੍ਹੇ ਦੀ ਵੱਖ-ਵੱਖ ਥਾਵਾਂ ’ਤੇ 66,000 ਤੋਂ ਵੱਧ ਪੌਦੇ ਜ਼ਿਆਦਾਤਰ ਪੇਂਡੂ ਖੇਤਰਾਂ ਵਿਚ ਅੰਦਰੂਨੀ ਸੜਕਾਂ ਦੇ ਨਾਲ-ਨਾਲ ਪੌਦੇ ਲਾਏ ਗਏ ਹਨ। ਵਿਭਾਗ ਨੇ ਵੱਖ-ਵੱਖ ਸਕੀਮਾਂ ਦੇ ਹਿੱਸੇ ਵਜੋਂ ਇਸ ਸਾਲ 3.10 ਲੱਖ ਤੋਂ ਵੱਧ ਪੌਦੇ ਉਗਾਉਣ ਦਾ ਟੀਚਾ ਰੱਖਿਆ ਹੈ। 87,663 ਪੌਦੇ ਮੁਨਾਫ਼ਾ ਦੇਣ ਵਾਲੇ ਜੰਗਲਾਤ ਯੋਜਨਾ ਤਹਿਤ ਉਗਾਏ ਜਾਣਗੇ ਜਦੋਂ ਕਿ ਜੰਗਲਾਤ ਵਿੱਚ (ਨੈੱਟ ਪ੍ਰੈਜ਼ੈਂਟ ਵੈਲਿਊ) ਵਿਧੀ ਤਹਿਤ 1,37,500 ਪੌਦੇ ਉਗਾਏ ਜਾਣਗੇ। ਜ਼ਿਕਰਯੋਗ ਹੈ ਕਿ ਵਿਭਾਗ ਵੱਲੋਂ ਜੰਗਲਾਤ ਦੀ ਜ਼ਮੀਨ ਐਕੁਆਇਰ ਕਰਨ ਅਤੇ ਸੜਕ ਚੌੜੀ ਕਰਨ ਦੇ ਹੋਰ ਪ੍ਰਾਜੈਕਟਾਂ ਲਈ ਦਰੱਖਤਾਂ ਦੀ ਕਟਾਈ ਲਈ ਪ੍ਰਾਪਤ ਫੰਡਾਂ ਤੋਂ ਪੌਦੇ ਉਗਾਏ ਜਾਂਦੇ ਹਨ। ਪ੍ਰਾਜੈਕਟਾਂ ਲਈ ਰੁੱਖਾਂ ਦੀ ਕਟਾਈ ਲਈ ਇਸੇ ਵਰਗ ਲਈ 18,500 ਪੌਦੇ ਲਾਏ ਜਾਣਗੇ। ਡਿਵੀਜ਼ਨਲ ਜੰਗਲਾਤ ਅਫ਼ਸਰ ਸਵਰਨ ਸਿੰਘ ਨੇ ਕਿਹਾ ਕਿ ਫਿਲਹਾਲ 3.10 ਲੱਖ ਤੋਂ ਵੱਧ ਪੌਦੇ ਲਗਾਉਣ ਦਾ ਟੀਚਾ ਰੱਖਿਆ ਹੈ ਪਰ ਅਸੀਂ ਹੋਰ ਯੋਜਨਾਵਾਂ ਦੇ ਹਿੱਸੇ ਤਹਿਤ ਗਿਣਤੀ ਨੂੰ ਹੋਰ ਵਧਾ ਸਕਦੇ ਹਾਂ। ਉਨ੍ਹਾ ਕਿਹਾ ਕਿ ਅਸੀਂ ਗੈਰਸਰਕਾਰੀ ਸੰਗਠਨ ਜਾਂ ਕੰਪਨੀਆਂ ਤੋਂ ਵੀ ਸਹਾਇਤਾ ਲੈਂਦੇ ਹਾਂ।
ਵਾਤਾਵਰਨ ਵਿੱਚੋਂ ਪ੍ਰਦੂਸ਼ਣ ਖਤਮ ਕਰਨ ਦਾ ਲਿਆ ਅਹਿਦ
ਬਾਘਾਪੁਰਾਣਾ (ਪੱਤਰ ਪ੍ਰੇਰਕ): ਸਾਹਿਤ ਸਭਾ ਬਾਘਾ ਪੁਰਾਣਾ (ਰਜਿ:) ਦੀ ਇੱਥੇ ਸਰਕਾਰੀ ਸਕੂਲ ਵਿਚ ਲਖਵੀਰ ਕੋਮਲ ਦੀ ਪ੍ਰਧਾਨਗੀ ਹੇਠ ਹੋਈ ਮਾਸਿਕ ਇਕੱਤਰਤਾ ਹੋਈ। ਸਾਹਿਤ ਵਿਚੋਂ ਲੱਚਰਤਾ ਅਤੇ ਵਾਤਾਵਰਨ ਵਿੱਚੋਂ ਪ੍ਰਦੂਸ਼ਣ ਦੇ ਖ਼ਾਤਮੇ ਲਈ ਫਿਕਰਮੰਦੀ ਜ਼ਾਹਿਰ ਕੀਤੀ ਗਈ। ਵਾਤਾਵਰਨ ਦੀ ਸਵੱਛਤਾ ਲਈ ਸਭਾ ਨੇ 300 ਪੌਦਾ ਲਾਉਣ ਦਾ ਸੰਕਲਪ ਲਿਆ, ਜਦਕਿ ਉਸਾਰੂ ਅਤੇ ਨਿੱਗਰ ਸਾਹਿਤ ਲਈ ਸਕੂਲਾਂ ਵਿਚ ਵਰਕਸ਼ਾਪਾਂ ਲਾਉਣ ਦਾ ਪ੍ਰੋਗਰਾਮ ਵੀ ਉਲੀਕਿਆ। ਪੇਸ਼ ਕੀਤੀਆਂ ਗਈਆਂ ਰਚਨਾਵਾਂ ਵੀ ਦੋਹਾਂ ਮੁੱਦਿਆਂ ਨਾਲ ਹੀ ਸਬੰਤ ਰਹੀਆਂ। ਰਚਨਾਵਾਂ ਦੀ ਪੇਸ਼ਕਾਰੀ ਵਿਚ ਲਖਵੀਰ ਕੋਮਲ, ਹਰਵਿੰਦਰ ਰੋਡੇ, ਮੁਕੰਦ ਕਮਲ, ਸ਼ਿਵ ਢਿੱਲੋਂ, ਇੰਦਰ ਰਾਜੇਆਣਾ, ਜਸਵੰਤ ਜੱਸੀ, ਸਰਬਜੀਤ ਸਮਾਲਸਰ, ਪ੍ਰੀਤ ਨਿਵਾਣ, ਕੋਮਲ ਭੱਟੀ, ਸੁਰਜੀਤ ਕਾਲੇਕੇ, ਗੁਰਤੇਜ ਬਰਾੜ, ਔਕਟੋ ਆਊਲ, ਚਰਨਜੀਤ ਸਮਾਲਸਰ ਨੇ ਹਿੱਸਾ ਲਿਆ।