ਸ਼ਗਨ ਕਟਾਰੀਆ
ਬਠਿੰਡਾ, 8 ਅਗਸਤ
ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਇੱਥੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਕਾਸ ਕਾਰਜਾਂ ਅਤੇ ਸਰਕਾਰੀ ਯੋਜਨਾਵਾਂ ਦੀ ਸਮੀਖ਼ਿਆ ਲਈ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਆਮ ਲੋਕਾਂ ਨੂੰ ਮੁੱਢਲੀਆਂ ਸੇਵਾਵਾਂ ਪਹਿਲ ਦੇ ਆਧਾਰ ’ਤੇ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਤੇ ਵਚਨਬੱਧ ਹੈ ਅਤੇ ਕਿਸੇ ਵੀ ਯੋਗ ਲਾਭਪਾਤਰੀ ਨੂੰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ।
ਮੀਟਿੰਗ ’ਚ ਬਠਿੰਡਾ (ਸ਼ਹਿਰੀ) ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ, ਬਠਿੰਡਾ (ਦਿਹਾਤੀ) ਦੇ ਵਿਧਾਇਕ ਅਮਿਤ ਰਤਨ, ਵਿਧਾਇਕ ਪ੍ਰੋ. ਬਲਜਿੰਦਰ ਕੌਰ, ਵਿਧਾਇਕ ਬਲਕਾਰ ਸਿੰਘ ਸਿੱਧੂ, ਮੌੜ ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ, ਵਿਧਾਇਕ ਜਗਸੀਰ ਸਿੰਘ ਤੋਂ ਇਲਾਵਾ ਡੀਸੀ ਸ਼ੌਕਤ ਅਹਿਮਦ ਪਰੇ ਅਤੇ ਐਸਐਸਪੀ ਜੇ. ਇਲਨਚੇਲੀਅਨ ਹਾਜ਼ਰ ਰਹੇ। ਮੀਟਿੰਗ ’ਚ ਉਨ੍ਹਾਂ ਸਰਕਾਰੀ ਵਿਕਾਸ ਕਾਰਜਾਂ ਨੂੰ ਮਗਨਰੇਗਾ ਮਜ਼ਦੂਰਾਂ ਰਾਹੀਂ ਕਰਵਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਕੋਈ ਵੀ ਵਾਟਰ ਵਰਕਸ ਬਿਜਲੀ ਦੇ ਕੁਨੈਕਸ਼ਨ ਕਾਰਨ ਬੰਦ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬਣਾਏ ਜਾ ਰਹੇ ਆਮ ਆਦਮੀ ਮੁਹੱਲਾ ਕਲੀਨਿਕਾਂ ਵਿੱਚ ਕੋਈ ਡੁਪਲੀਕੇਸੀ ਨਾ ਹੋਣ ਦਿੱਤੀ ਜਾਵੇ। ਉਨ੍ਹਾਂ ਪ੍ਰਾਇਮਰੀ ਹੈਲਥ ਸੈਂਟਰਾਂ, ਕਮਿਊਨਿਟੀ ਹੈਲਥ ਸੈਂਟਰਾਂ ਅਤੇ ਡਿਸਪੈਂਸਰੀਆਂ ’ਚ ਆਮ ਲੋਕਾਂ ਦੀ ਲੋੜ ਅਨੁਸਾਰ ਡਾਕਟਰੀ ਸਟਾਫ਼ ਮੁਹੱਈਆ ਕਰਵਾਉਣ ਲਈ ਵੀ ਆਦੇਸ਼ ਦਿੱਤੇ। ਉਨ੍ਹਾਂ ਜ਼ਿਲ੍ਹਾ ਹਸਪਤਾਲ ਵਿੱਚ ਪਿਛਲੇ ਕਰੀਬ 6 ਸਾਲਾਂ ਤੋਂ ਬੰਦ ਪਏ ਆਈਸੀਯੂ ਸਬੰਧੀ ਤਜਵੀਜ਼ ਭੇਜਣ ਲਈ ਕਿਹਾ। ਉਨ੍ਹਾਂ ਵੱਲੋਂ ਓਟ ਕਲੀਨਿਕ ਅਤੇ ਰੀ-ਹੈਬੀਟੇਸ਼ਨ ਕੇਂਦਰਾਂ ਤੋਂ ਇਲਾਵਾ ਜ਼ਿਲ੍ਹੇ ਅੰਦਰ ਲੰਪੀ ਚਮੜੀ ਰੋਗ ਤੇ ਮੰਕੀਪੌਕਸ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਅਤੇ ਇਸ ਸਬੰਧੀ ਲੋੜੀਂਦੇ ਢੁੱਕਵੇਂ ਹੱਲ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਜ਼ਿਲ੍ਹੇ ਅੰਦਰ ਸਾਫ਼ ਪੀਣ ਵਾਲੇ ਪਾਣੀ, ਡਰੇਨਜ਼, ਸੀਵਰੇਜ਼ ਨੈਸ਼ਨਲ ਹਾਈਵੇਅ, ਲਿੰਕ ਰੋਡਜ਼ ਓਵਰ ਅਤੇ ਅੰਡਰਬ੍ਰਿਜ ਬਾਰੇ ਚੱਲ ਰਹੇ ਕਾਰਜਾਂ ਜਾਣਕਾਰੀ ਹਾਸਲ ਕੀਤੀ ਅਤੇ ਸਮੱਸਿਆਵਾਂ ਜਲਦ ਹੱਲ ਕਰਨ ਦਾ ਭਰੋਸਾ ਦਿਵਾਇਆ।
ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਭੀਖ ਮੰਗਣ ਵਾਲਿਆਂ ਅਤੇ ਬੇਵੱਸੀ ਕਾਰਨ ਸਕੂਲੀ ਸਿੱਖਿਆ ਤੋਂ ਵਿਰਵੇ ਰਹਿਣ ਵਾਲੇ ਬੱਚਿਆਂ ਦੀ ਭਲਾਈ ਲਈ ਵੀ ਸਰਕਾਰ ਵਿਸ਼ੇਸ਼ ਯਤਨ ਕਰੇਗੀ। ਉਨ੍ਹਾਂ ਦੱਸਿਆ ਕਿ ਗੁੰਮਸ਼ੁਦਾ ਬੱਚਿਆਂ ਦੀ ਵਾਪਸੀ ਲਈ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ।