ਮਨੋਜ ਸ਼ਰਮਾ/ਸ਼ਗਨ ਕਟਾਰੀਆ
ਬਠਿੰਡਾ, 23 ਫਰਵਰੀ
ਅੱਜ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪੱਧਰੀ ਸੱਦੇ ਤਹਿਤ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਵਿੱਚ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਵੱਲੋਂ ਕਾਲਜਾਂ ਤੋਂ ਵਿਦਿਆਰਥੀਆਂ ਦੀਆਂ ਫੀਸਾਂ/ਫੰਡਾਂ ’ਤੇ ਇਕੱਠੇ ਹੁੰਦੇ ਵਿਆਜ ਨੂੰ ਸਰਕਾਰੀ ਖਾਤੇ ਵਿੱਚ ਜਮ੍ਹਾ ਕਰਵਾਉਣ ਲਈ ਜਾਰੀ ਕੀਤੇ ਨੋਟਿਸ ਦੀਆਂ ਕਾਪੀਆਂ ਸਾੜੀਆਂ।
ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਰਜਿੰਦਰ ਢਿੱਲਵਾਂ ਨੇ ਕਿਹਾ ਕਿ ਡਾਇਰੈਕਟਰ ਸਿੱਖਿਆ ਵਿਭਾਗ (ਕਾਲਜਾਂ) ਨੇ ਸੂਬੇ ਦੇ ਸਮੂਹ ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਜਾਰੀ ਨੋਟਿਸ ਵਿੱਚ ਕਿਹਾ ਹੈ ਕਿ ਹੁਣ ਹਰ ਕਾਲਜ ਵਿਦਿਆਰਥੀਆਂ ਤੋਂ ਫ਼ੀਸਾਂ ਦੇ ਰੂਪ ਵਿੱਚ ਵਸੂਲੇ ਜਾਂਦੇ ਪੀਟੀਏ ਫੰਡ, ਸਟੂਡੈਂਟਸ ਵੈੱਲਫੇਅਰ ਫੰਡ, ਐੱਚਈਆਈਐੱਸ ਫੰਡ, ਯੂਨੀਵਰਸਿਟੀ ਫੰਡ ਆਦਿ ਤੋਂ ਪ੍ਰਾਪਤ ਕੀਤਾ ਜਾਂਦਾ ਵਿਆਜ ਸਰਕਾਰੀ ਖਾਤੇ ’ਚ ਜਮ੍ਹਾਂ ਕਰੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਸਰਕਾਰੀ ਵਿੱਦਿਅਕ ਅਦਾਰਿਆਂ ਤੋਂ ਹੱਥ ਪਿੱਛੇ ਖਿੱਚ ਕੇ ਸਰਕਾਰ ਨੇ ਇਨ੍ਹਾਂ ਨੂੰ ਬੰਦ ਹੋਣ ਦੇ ਕੰਢੇ ਲਿਆ ਖੜ੍ਹਾ ਕੀਤਾ ਹੈ। ਇਸ ਮੌਕੇ ਅਰਸ਼ਦੀਪ, ਲਖਵਿੰਦਰ ਸਿੰਘ, ਨਵਦੀਪ ਸਿੰਘ ਡਿੰਪੀ ਹਾਜ਼ਰ ਸਨ।
ਫ਼ਰੀਦਕੋਟ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਸਰਕਾਰ ਵੱਲੋਂ ਕਾਲਜਾਂ ਤੋਂ ਵਿਦਿਆਰਥੀਆਂ ਦੀਆਂ ਫੀਸਾਂ/ਫੰਡਾਂ ’ਤੇ ਇਕੱਠੇ ਹੁੰਦੇ ਵਿਆਜ ਨੂੰ ਸਰਕਾਰੀ ਖਾਤੇ ਵਿੱਚ ਜਮ੍ਹਾਂ ਕਰਵਾਉਣ ਲਈ ਜਾਰੀ ਕੀਤੇ ਨੋਟਿਸ ਵਿਰੁੱਧ ਅੱਜ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੱਦੇ ਤਹਿਤ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਦੇ ਗੇਟ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਸਟੂਡੈਂਟਸ ਯੂਨੀਅਨ ਦੀ ਆਗੂ ਮਨਦੀਪ ਕੌਰ, ਵਿਦਿਆਰਥੀ ਆਗੂ ਗੁਰਮੀਤ ਸਿੰਘ, ਅੰਮ੍ਰਿਤ ਸਿੰਘ, ਗੁਰਜੀਤ ਸਿੰਘ ਅਤੇ ਪਰਵਨੀ ਕੌਰ ਨੇ ਕਿਹਾ ਕਿ ਅਜਿਹੇ ਹੁਕਮ ਜਾਰੀ ਕਰ ਕੇ ਸਰਕਾਰ ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟ ਬਣਾਉਣਾ ਚਾਹੁੰਦੀ ਹੈ, ਜਿਸ ਨੂੰ ਵਿਦਿਆਰਥੀ ਬਰਦਾਸ਼ਤ ਨਹੀਂ ਕਰਨਗੇ। ਵਿਦਿਆਰਥੀ ਲਵਪ੍ਰੀਤ ਕੌਰ ਅਤੇ ਰਜਿੰਦਰ ਮਖੂ ਨੇ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਇਹ ਨੋਟਿਸ ਜਲਦੀ ਵਾਪਸ ਨਾ ਲਿਆ ਤਾਂ ਸੰਘਰਸ਼ ਵੱਡਾ ਕੀਤਾ ਜਾਵੇਗਾ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਪੀਟੀਏ ਫੰਡ ਦੇ ਵਿਆਜ ਦਾ ਪੈਸਾ ਵਿਦਿਆਰਥੀਆਂ ਵਾਸਤੇ ਖਰਚੇ ਜਾਣ ਦੀ ਥਾਂ ਸਰਕਾਰੀ ਖ਼ਜ਼ਾਨੇ ’ਚ ਜਮ੍ਹਾਂ ਕਰਵਾਉਣ ਦੇ ਨੋਟਿਸ ਦਾ ਵਿਰੋਧ ਕਰਦਿਆਂ ਵਿਦਿਆਰਥੀਆਂ ਨੇ ਇੱਥੇ ਸਰਕਾਰੀ ਕਾਲਜ ਵਿੱਚ ਰੋਸ ਮੁਜ਼ਾਹਰਾ ਕੀਤਾ। ਯੂਨੀਅਨ ਦੇ ਆਗੂ ਸਤਵੀਰ ਕੌਰ, ਰਾਜਵਿੰਦਰ ਖੋਖਰ, ਗੁਰਦਿੱਤ ਸਿੰਘ, ਸਤਵੀਰ ਕੌਰ ਨੇ ਮੰਗ ਕੀਤੀ ਕਿ ਫੀਸਾਂ ਦਾ ਫੰਡ ਵਿਦਿਆਰਥੀਆਂ ਲਈ ਵਰਤਿਆ ਜਾਵੇ।