ਮਨੋਜ ਸ਼ਰਮਾ
ਬਠਿੰਡਾ, 27 ਫਰਵਰੀ
ਪੰਜਾਬ ਵਿਧਾਨ ਸਭਾ ਚੋਣਾਂ ਖ਼ਤਮ ਹੋ ਚੁੱਕੀਆਂ ਹਨ ਅਤੇ ਨਤੀਜੇ ਆਉਣੇ ਬਾਕੀ ਹਨ ਤੇ ਉਮੀਦਵਾਰਾਂ ਦਾ ਭਵਿੱਖ ਡੱਬਿਆਂ ਵਿੱਚ ਬੰਦ ਹੈ। ਪੰਜਾਬ ਅੰਦਰ ਕਿਸ ਪਾਰਟੀ ਦੀ ਸਰਕਾਰ ਬਣੇਗੀ, ਇਸ ਬਾਰੇ ਹਮੇਸ਼ਾ ਚਰਚਾ ਚਲਦੀ ਰਹਿੰਦੀ ਹੈ। ਸ਼ਹਿਰ ਵਿੱਚ ਇੱਕ ਅਜਿਹਾ ਵਰਗ ਹੈ ਜੋ ਗੁਰਬਤ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੈ ਤੇ ਉਨ੍ਹਾਂ ਲਈ ਨਵੀਂ ਸਰਕਾਰ ਨਾਲ ਕੋਈ ਸਰੋਕਾਰ ਨਹੀਂ ਹੈ। ਬਠਿੰਡਾ ਵਿੱਚ ਸ਼ਾਂਤ ਮਾਹੌਲ ਹੈ ਅਤੇ ‘ਪੰਜਾਬੀ ਟ੍ਰਿਬਿਊਨ’ ਦੀ ਟੀਮ ਪੰਜਾਬ ’ਚ ਨਵੀਂ ਸਰਕਾਰ ਬਾਰੇ ਵੱਖ ਵੱਖ ਵਰਗਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ।
ਸੜਕ ਕਿਨਾਰੇ ਬੈਠਾ ਅਸ਼ੋਕ ਦਾਸ (30) ਬਠਿੰਡਾ ਦੇ ਬੀਬੀ ਵਾਲਾ ਚੌਕ ਖੇਤਰ ਨੇੜੇ ਜੁੱਤੀਆਂ ਗੰਢਣ ਦਾ ਕੰਮ ਕਰਦਾ ਹੈ। ਪੰਜਾਬ ਦੀ ਨਵੀਂ ਸਰਕਾਰ ਬਾਰੇ ਪੁੱਛਣ ’ਤੇ ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ ਨਾਲ ਸਬੰਧਿਤ ਅਸ਼ੋਕ ਦਾਸ ਨੇ ਕਿਹਾ ਕਿ ਉਹ ਪਿਛਲੇ 15 ਸਾਲਾਂ ਤੋਂ ਬਠਿੰਡਾ ਵਿੱਚ ਕੰਮ ਰਿਹਾ ਹੈ। ਉਸ ਨੇ ਸਾਰੀਆਂ ਪਾਰਟੀਆਂ ਨੂੰ ਵੋਟਾਂ ਪਾਈਆਂ ਹਨ, ਪਰ ਉਸ ਦੀ ਨਿੱਜੀ ਜ਼ਿੰਦਗੀ ਵਿੱਚ ਕੋਈ ਬਦਲਾਅ ਨਹੀਂ ਆਇਆ। ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਰਿਕਸ਼ਾ ਚਾਲਕ 48 ਸਾਲਾ ਗੋਰਾ ਅਤੇ ਹਨੂੰਮਾਨ ਚੌਕ ਨੇੜੇ ਚਾਹ ਵਿਕਰੇਤਾ 60 ਸਾਲਾ ਜੀਵਤ ਰਾਮ ਵੀ ਕੁਝ ਇਸੇ ਤਰ੍ਹਾਂ ਦੀ ਭਾਵਨਾ ਮਹਿਸੂਸ ਕਰਦਾ ਹੈ। ਰੇਲਵੇ ਸਟੇਸ਼ਨ ਨੇੜੇ ਫੁੱਟਪਾਥ ’ਤੇ ਪਏ ਗੋਰਾ ਨੇ ਕਿਹਾ, ਕਿ ਚੋਣਾਂ ਦਾ ਗ਼ਰੀਬ ਵਰਗ ਲਈ ਕੋਈ ਅਰਥ ਨਹੀਂ ਹੈ। ਉਨੂੰ ਗੁਜ਼ਾਰਾ ਚਲਾਉਣ ਲਈ ਸਖ਼ਤ ਮਿਹਨਤ ਕਰਨੀ ਪਵੇਗੀ।
ਬੰਗੀ ਨਗਰ ਇਲਾਕੇ ਦੇ ਵਸਨੀਕ ਗ੍ਰੈਜੂਏਟ ਜੀਵਤ ਨੇ ਕਿਹਾ ਕਿ ਉਸ ਨੂੰ ਯਕੀਨ ਨਹੀਂ ਕਿ ਪੰਜਾਬ ਵਿੱਚ ਨਵੀਂ ਸਰਕਾਰ ਕੋਈ ਨਵਾਂ ਰੰਗ ਲਿਆਵੇਗੀ।
ਬਠਿੰਡਾ ਕੋਰਟ ਕੰਪਲੈਕਸ ਨੇੜੇ ਸੜਕ ਕਿਨਾਰੇ ਬੈਠੇ ਇੱਕ ਹੋਰ ਮੋਚੀ 60 ਸਾਲਾ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਉਹ 40 ਸਾਲਾਂ ਤੋਂ ਜੁੱਤੀਆਂ ਦੀ ਮੁਰੰਮਤ ਕਰ ਰਿਹਾ ਹਾਂ, ਪਰ ਪੰਜਾਬ ਵਿੱਚ ਕੋਈ ਬਦਲਾਅ ਨਹੀਂ ਆਇਆ। ਚੰਦਸਰ ਬਸਤੀ ਦੇ ਨੇੜੇ ਝੁੱਗੀ-ਝੌਂਪੜੀ ਵਿੱਚ ਰਹਿਣ ਵਾਲੀ ਗੋਮਤੀ ਕੁਮਾਰੀ ਦੇ ਵੀ ਕੁੱਝ ਇਸੇ ਤਰ੍ਹਾਂ ਦੇ ਵਿਚਾਰ ਹਨ। ਗੋਮਤੀ ਕੁਮਾਰੀ ਨੇ ਕਿਹਾ, “ਮੇਰਾ ਪਤੀ ਮੈਨੂੰ ਅਤੇ ਮੇਰੇ ਬੱਚਿਆਂ ਦੀ ਰੋਜ਼ੀ ਰੋਟੀ ਦਾ ਪ੍ਰਬੰਧ ਕਰਨ ਲਈ ਕੂੜਾ ਚੁੱਕਣ ਦਾ ਕੰਮ ਕਰਦਾ ਹੈ। ਅਸੀਂ ਪਿਛਲੇ 25 ਸਾਲਾਂ ਤੋਂ ਇਸ ਤਰ੍ਹਾਂ ਜੀਅ ਰਹੇ ਹਾਂ ਅਤੇ ਬਹੁਤ ਸਾਰੀਆਂ ਚੋਣਾਂ ਦੇਖੀਆਂ ਹਨ ਪਰ ਆਪਣੀ ਜ਼ਿੰਦਗੀ ਵਿੱਚ ਕੁਝ ਵੀ ਬਦਲਿਆ ਨਹੀਂ ਦੇਖਿਆ। ਜੇ ਸਿਆਸੀ ਪਾਰਟੀਆਂ ਦੇ ਆਗੂਆਂ ਜਾਂ ਬਾਅਦ ਦੀਆਂ ਸਰਕਾਰਾਂ ਨੇ ਸਾਡੀ ਹਾਲਤ ਸੁਧਾਰਨ ਲਈ ਸੱਚੇ-ਸੁੱਚੇ ਯਤਨ ਕੀਤੇ ਹੁੰਦੇ; ਸਾਨੂੰ ਦੁੱਖ ਨਹੀਂ ਹੋਣਾ ਸੀ. ਹਰ ਸਵੇਰ ਨੂੰ ਅਸੀਂ ਇਸ ਬਾਰੇ ਚਿੰਤਾ ਕਰਦੇ ਹਾਂ । ਚੋਣਾਂ, ਮੁੱਦੇ ਇਹ ਚੀਜ਼ਾਂ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦੀਆਂ ਅਤੇ ਨਾ ਹੀ ਸਾਨੂੰ ਇਸ ਗੱਲ ਦੀ ਚਿੰਤਾ ਹੈ ਕਿ ਇਸ ਵਾਰ ਕਿਹੜੀ ਪਾਰਟੀ ਸਰਕਾਰ ਬਣਾਉਂਦੀ ਹੈ।