ਮਨੋਜ ਸ਼ਰਮਾ
ਬਠਿੰਡਾ, 30 ਅਪਰੈਲ
ਇਸ ਸਾਲ ਮਾਰਚ ਤੋਂ ਅਗੇਤੀ ਗਰਮੀ ਪੈਣ ਕਾਰਨ ਜਿੱਥੇ ਕਣਕ ਦੇ ਝਾੜ ਨੂੰ ਬਹੁਤ ਵੱਡਾ ਘਾਟਾ ਪਿਆ ਹੈ, ਉੱਥੇ ਮਾਲਵਾ ਖਿੱਤੇ ਵਿੱਚ ਪੈ ਰਹੀ ਗਰਮੀ ਨੇ ਮਲਵਈਆਂ ਦੇ ਪਿੰਡੇ ਲੂਸ ਦਿੱਤੇ ਹਨ। ਗਰਮੀ ਕਾਰਨ ਜਿੱਥੇ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ, ਉੱਥੇ ਬਿਜਲੀ ਸੰਕਟ ਨੇ ਲੋਕਾਂ ਦੇ ਨੱਕ ਵਿੱਚ ਦਮ ਕਰ ਦਿੱਤਾ।
ਅੱਜ ਪੀਏਯੂ ਦੇ ਖੇਤਰੀ ਕੈਂਪਸ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਬਠਿੰਡਾ ਦਾ ਪਾਰਾ 46.8 ਡਿਗਰੀ ਸੈਲਸੀਅਸ ਰਿਹਾ ਜੋ ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਸ਼ਹਿਰ ਜੋਧਪੁਰ ਦੇ ਬਰਾਬਰੀ ਸੀ। ਅੱਜ ਗਰਮ ਹਵਾਵਾਂ ਕਾਰਨ ਸੜਕਾਂ ’ਤੇ ਆਵਾਜਾਈ ਘੱਟ ਰਹੀ ਤੇ ਲੋਕ ਮੂੰਹ ਢੱਕ ਕੇ ਵਾਹਨ ਚਲਾਉਂਦੇ ਦੇਖੇ ਗਏ। ਬੀਤੇ ਇੱਕ ਹਫ਼ਤੇ ਤੋਂ ਲਗਾਤਾਰ 42 ਡਿਗਰੀ ਤੋਂ ਉਪਰ ਚੱਲ ਰਹੇ ਪਾਰੇ ਕਾਰਨ ਲੋਕ ਹਾਏ ਤੌਬਾ ਕਰ ਰਹੇ ਹਨ ਤੇ ਉੱਤੋਂ ਬਿਜਲੀ ਦੇ ਲੰਬੇ ਲੰਬੇ ਕੱਟਾਂ ਨੇ ਲੋਕਾਂ ਦੀ ਨਾਂਹ ਕਰਾ ਕੇ ਰੱਖ ਦਿੱਤੀ ਹੈ। ਅੱਜ ਜਿੱਥੇ ਸ਼ਹਿਰ ਦੀਆਂ ਸੜਕਾਂ ’ਤੇ ਤਰਬੂਜ਼ ਵੇਚਣ ਵਾਲਿਆਂ ਦੀ ਲਾਈਨ ਲੱਗੀ ਹੋਈ ਸੀ, ਉੱਥੇ ਗਰਮੀ ਤੋਂ ਰਾਹਤ ਪਾਉਣ ਲਈ ਅੱਜ ਨੌਜਵਾਨਾਂ ਨੇ ਰਜਵਾਹੇ ਦੇ ਠੰਢੇ ਪਾਣੀ ਵਿੱਚ ਚੁੱਭੀਆਂ ਮਾਰ ਕੇ ਗਰਮੀ ਤੋਂ ਨਿਜਾਤ ਪਾਈ। ਇਸ ਦੌਰਾਨ ਜਿੱਥੇ ਬਿਜਲੀ ਸੰਕਟ ਕਾਰਨ ਜਿੱਥੇ ਆਮ ਸ਼ਹਿਰੀ ਅਤੇ ਪੇਂਡੂ ਵਰਗ ਵਿੱਚ ਬਜ਼ੁਰਗਾਂ ਅਤੇ ਬੱਚਿਆਂ ਦਾ ਬੁਰਾ ਹਾਲ ਹੈ ਉੱਥੇ ਡਾਕਟਰਾਂ ਵੱਲੋਂ ਗਰਮੀ ਦੇ ਮੌਸਮ ’ਚ ਬਜ਼ੁਰਗਾਂ ਤੇ ਬੱਚਿਆਂ ਨੂੰ ਘਰ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ।
ਕਿਸਾਨ ਜਥੇਬੰਦੀ ਨੇ ਚੌਵੀ ਘੰਟੇ ਬਿਜਲੀ ਸਪਲਾਈ ਲਈ ਮੰਗ ਪੱਤਰ ਦਿੱਤਾ
ਜੈਤੋ (ਸ਼ਗਨ ਕਟਾਰੀਆ): ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨਾਲ ਸਬੰਧਤ ਕਿਸਾਨਾਂ ਨੇ ਇੱਥੇ ਪਾਵਰਕੌਮ ਦਫ਼ਤਰ ਪਹੁੰਚ ਕੇ ਬਿਜਲੀ ਕੱਟ ਖਤਮ ਕਰ ਕੇ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ। ਯੂਨੀਅਨ ਦੇ ਜ਼ਿਲ੍ਹਾ ਪੱਧਰੀ ਆਗੂ ਤਾਰਾ ਸਿੰਘ ਬਰਾੜ ਰੋੜੀਕਪੂਰਾ, ਬਸੰਤ ਸਿੰਘ, ਚਾਨਣ ਸਿੰਘ, ਰੇਸ਼ਮ ਸਿੰਘ, ਲਾਭ ਸਿੰਘ, ਗੁਰਪ੍ਰੀਤ ਸਿੰਘ, ਗੁਰਲਾਲ ਸਿੰਘ, ਅਮਰਜੀਤ ਸਿੰਘ, ਕਿਹਰ ਸਿੰਘ, ਹਰਜਿੰਦਰ ਸਿੰਘ ਤੇ ਸੁਖਜਿੰਦਰ ਸਿੰਘ ਆਦਿ ਆਗੂਆਂ ਨੇ ਐੱਸਡੀਓ ਦੀ ਗ਼ੈਰ-ਮੌਜੂਦਗੀ ਵਿੱਚ ਮੰਗ ਪੱਤਰ ਆਰ.ਏ. ਅਵਤਾਰ ਸਿੰਘ ਅਤੇ ਜੇ.ਈ. ਚਰਨਜੀਤ ਸਿੰਘ ਮੌੜ ਨੂੰ ਦਿੱਤਾ। ਬਿਜਲੀ ਅਧਿਕਾਰੀਆਂ ਨੇ ਕਿਸਾਨਾਂ ਨੂੰ ਜਲਦੀ ਸਮੱਸਿਆ ਦੇ ਹੱਲ ਦਾ ਭਰੋਸਾ ਦਿੱਤਾ।
ਬਿਜਲੀ ਦੇ ਲੱਗਣ ਲੱਗੇ ਕੱਟ, ਗਰਮੀ ਨਾਲ ਲੋਕਾਂ ਦੇ ਨਿਕਲੇ ਵੱਟ
ਮਾਨਸਾ (ਜੋਗਿੰਦਰ ਸਿੰਘ ਮਾਨ): ਪੰਜਾਬ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ। ਬਹੁਤੇ ਜ਼ਿਲ੍ਹਿਆਂ ਵਿੱਚ ਅੱਜ ਪਾਰਾ 45 ਡਿਗਰੀ ਦੇ ਨੇੜੇ-ਤੇੜੇ ਰਿਹਾ ਅਤੇ ਆਉਣ ਵਾਲੇ ਦਿਨਾਂ ਵਿੱਚ ਗਰਮੀ ਤੋਂ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਜਾਣਕਾਰੀ ਮੁਤਾਬਕ ਅੱਜ ਮਾਲਵਾ ਖੇਤਰ ਦੇ ਕਈ ਜ਼ਿਲ੍ਹਿਆਂ ਵਿੱਚ ਇੱਕੋ ਦਿਨ ਤਾਪਮਾਨ ਵਿੱਚ 3 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਮੌਸਮ ਵਿਭਾਗ ਵੱਲੋਂ ਲਗਾਤਾਰ ਵਧ ਰਹੀ ਗਰਮੀ ਨੂੰ ਲੈ ਕੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ਵਿੱਚ ਦੁਪਹਿਰ ਵੇਲੇ ਬਿਨਾਂ ਕਿਸੇ ਕੰਮ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਮਹਿਕਮੇ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ ਰਾਜ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਦਾ ਰਿਕਾਰਡ ਕੀਤਾ ਗਿਆ ਹੈ ਅਤੇ ਉਨ੍ਹਾਂ ਰਿਪੋਰਟ ਵਿੱਚ ਦੱਸਿਆ ਕਿ 2 ਮਈ ਤੱਕ ਲੂ ਵਿੱਚ ਕੋਈ ਸੁਧਾਰ ਨਹੀਂ ਆਵੇਗਾ ਬਲਕਿ ਅਗਲੇ ਦਿਨਾਂ ਵਿੱਚ ਭਾਰੀ ਲੂ ਚੱਲਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਮਾਨਸਾ, ਸੰਗਰੂਰ, ਫ਼ਤਹਿਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਐਸਏਐਸ ਨਗਰ, ਬਠਿੰਡਾ, ਮੋਗਾ, ਮੁਕਤਸਰ, ਫ਼ਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ ਵਿੱਚ ਲੂ ਅਤੇ ਗਰਮੀ ਦੀ ਲਹਿਰ ਪਹਿਲੀ ਮਈ ਤੱਕ ਬਣੀ ਰਹੇਗੀ ਅਤੇ ਕਿਤੇ-ਕਿਤੇ ਤੇਜ਼ ਹਨ੍ਹੇਰੀਆਂ ਨਾਲ ਹਲਕੀ ਕਿਣਮਿਣ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ 2 ਅਤੇ 3 ਮਈ ਨੂੰ ਇਨ੍ਹਾਂ ਸਾਰੇ ਜ਼ਿਲ੍ਹਿਆਂ ਵਿੱਚ ਹਨ੍ਹੇਰੀ ਦੇ ਨਾਲ-ਨਾਲ ਹਲਕੀ ਕਿਣਮਿਣ ਦੀ ਸੰਭਾਵਨਾ ਹੈ।