ਸ਼ਗਨ ਕਟਾਰੀਆ
ਬਠਿੰਡਾ, 9 ਮਈ
ਬੱਸਾਂ ਦੀ ਸਮਾਂ ਸਾਰਣੀ ਦੇ ਰੱਫੜ ਨੂੰ ਲੈ ਕੇ ਅੱਜ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਨੇ ਬਠਿੰਡਾ ਦੇ ਚੌਕਾਂ ਵਿੱਚ ਬੱਸਾਂ ਲਾ ਕੇ ਆਵਾਜਾਈ ਠੱਪ ਕੀਤੀ। ਬੱਸ ਕਾਮਿਆਂ ਦੇ ਆਗੂਆਂ ਨੇ ਦੋਸ਼ ਲਾਇਆ ਕਿ ਬਾਅਦ ਦੁਪਹਿਰ ਜਦੋਂ ਉਹ ਆਪਣੀ ਫ਼ਰਿਆਦ ਲੈ ਕੇ ਟਰਾਂਸਪੋਰਟ ਅਧਿਕਾਰੀ ਕੋਲ ਗਏ ਤਾਂ ਉਥੇ ਉਨ੍ਹਾਂ ਦਾ ਕਥਿਤ ਅਪਮਾਨ ਕੀਤਾ ਗਿਆ।
ਆਰਟੀਏ ਦਫ਼ਤਰ ਤੋਂ ਭਖ਼ੇ-ਭਖ਼ਾਏ ਬੱਸ ਕਾਮੇ ਸਿੱਧੇ ਬੱਸ ਸਟੈਂਡ ਪਹੁੰਚੇ ਤੇ ਉਨ੍ਹਾਂ ਪੀਆਰਟੀਸੀ ਦੀਆਂ ਬੱਸਾਂ ਅੱਡੇ ਦੇ ਸਾਹਮਣੇ ਚੌਕ ’ਚ ਖੜ੍ਹੀਆਂ ਕਰ ਕੇ ਬੱਸ ਅੱਡੇ ਤੇ ਚੁਫ਼ੇਰਿਓਂ ਸੜਕਾਂ ਤੋਂ ਆਉਂਦੀ ਆਵਾਜਾਈ ਰੋਕ ਦਿੱਤੀ। ਕੁਝ ਦੇਰ ਬਾਅਦ ਉਨ੍ਹਾਂ ਆਈਟੀਆਈ ਚੌਕ ’ਚ ਵੀ ਅਜਿਹਾ ਕਰਕੇ ਸੜਕਾਂ ਠੱਪ ਕਰ ਦਿੱਤੀਆਂ। ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਯੂਨੀਅਨ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਨੇ ਕਿਹਾ ਕਿ ਤਤਕਾਲੀ ਕਾਂਗਰਸ ਸਰਕਾਰ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੱਸਾਂ ਦੀ ਸਮਾਂ ਸਾਰਣੀ ਨੂੰ ਤਰਕਸੰਗਤ ਬਣਾ ਕੇ ਸਰਕਾਰੀ ਟਰਾਂਸਪੋਰਟ ਨੂੰ ਲੀਹ ’ਤੇ ਲਿਆਉਣ ਦੀ ਗੰਭੀਰ ਕੋਸ਼ਿਸ਼ ਕੀਤੀ ਤੇ ਇਸ ਦੇ ਨਤੀਜੇ ਵੀ ਹਾਂ-ਪੱਖੀ ਰਹੇ ਤੇ ਸਰਕਾਰ ਦੀ ਆਮਦਨ ’ਚ ਰਿਕਾਰਡ ਵਾਧਾ ਹੋਇਆ। ਉਨ੍ਹਾਂ ਦੱਸਿਆ ਕਿ ਅੱਜ ਇਸ ਮਾਮਲੇ ਦੇ ਸਬੰਧ ’ਚ ਉਹ ਵਫ਼ਦ ਸਮੇਤ ਆਰਟੀਏ ਬਠਿੰਡਾ ਨੂੰ ਮਿਲਣ ਗਏ ਤਾਂ ਉਥੇ ਪ੍ਰਾਈਵੇਟ ਟਰਾਂਸਪੋਰਟਰ ਵੀ ਸਨ।
ਉਨ੍ਹਾਂ ਮੁਤਾਬਕ ਟਰਾਂਸਪੋਰਟ ਅਧਿਕਾਰੀ ਨੇ ਕਥਿਤ ਤੌਰ ’ਤੇ ਉਨ੍ਹਾਂ ਦੀ ਗੱਲ ਸੁਣਨ ਦੀ ਥਾਂ ਨਿੱਜੀ ਟਰਾਂਸਪੋਰਟਰਾਂ ਦਾ ‘ਪੱਖ ਪੂਰਿਆ’ ਤਾਂ ਮਾਮਲਾ ਵਧ ਗਿਆ। ਉਨ੍ਹਾਂ ਕਥਿਤ ਮੰਦੀ ਸ਼ਬਦਾਵਲੀ ਵਰਤੇ ਜਾਣ ਤੇ ਦਫ਼ਤਰੋਂ ਬਾਹਰ ਜਾਣ ਦੇ ਇਲਜ਼ਾਮ ਵੀ ਲਾਏ। ਬੱਸ ਕਾਮੇ ਪਹਿਲਾ ਟਾਈਮ ਟੇਬਲ ਬਹਾਲ ਕਰਨ ਤੇ ਆਰਟੀਏ ਦੇ ਤਬਾਦਲੇ ਦੀ ਮੰਗ ’ਤੇ ਅੜੇ ਸਨ। ਸੂਬਾ ਪ੍ਰਧਾਨ ਕੁਲਵੰਤ ਸਿੰਘ ਤੇ ਉਨ੍ਹਾਂ ਸਾਥੀਆਂ ਹਰਜੀਤ ਬਾਦਲ, ਕੁਲਦੀਪ ਸਿੰਘ ਆਦਿ ਨੇ ਚਿਤਾਵਨੀ ਦਿੱਤੀ ਕਿ ਜੇ ਸੁਣਵਾਈ ਨਾ ਹੋਈ ਤਾਂ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ।
ਡੀ.ਸੀ. ਵੱਲੋਂ ਮਸਲੇ ਦੇ ਹੱਲ ਦੀ ਪੇਸ਼ਕਸ਼ ਮਗਰੋਂ ਪ੍ਰਦਰਸ਼ਨ ਖਤਮ
ਸ਼ਾਮ ਨੂੰ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਨੇ ਵਿਖਾਵਾਕਾਰੀਆਂ ਕੋਲ ਪਹੁੰਚ ਕੇ ਮਸਲੇ ਨੂੰ ਸੁਲਝਾਉਣ ਲਈ ਮੰਗਲਵਾਰ ਨੂੰ 11 ਵਜੇ ਆਪਣੀ ਹਾਜ਼ਰੀ ’ਚ ਆਰਟੀਏ, ਪੀਆਰਟੀਸੀ ਮੈਨੇਜਰ ਬਠਿੰਡਾ ਤੇ ਜਥੇਬੰਦਕ ਬੱਸ ਕਾਮਿਆਂ ਦੀ ਸਾਂਝੀ ਮੀਟਿੰਗ ਕਰਨ ਦਾ ਸੁਝਾਅ ਦਿੱਤਾ। ਇਸ ਲਈ ਬੱਸ ਕਾਮੇ ਰਜ਼ਾਮੰਦ ਹੋ ਗਏ ਤੇ ਪ੍ਰਦਰਸ਼ਨ ਮੁਲਤਵੀ ਕਰ ਦਿੱਤਾ।