ਮਨੋਜ ਸ਼ਰਮਾ
ਬਠਿੰਡਾ, 23 ਦਸੰਬਰ
ਮਾਲਵਾ ਖੇਤਰ ਦੀ ਸੰਘਰਸ਼ੀ ਸੱਥ ਵਜੋਂ ਜਾਣਿਆ ਜਾਂਦਾ ਟੀਚਰਜ਼ ਹੋਮ ਬਠਿੰਡਾ ਦਾ ਵੱਡਾ ਇਤਿਹਾਸ ਹੈ। ਇਸ ਨੇ ਨਾਮਵਰ ਲੋਕ-ਪੱਖੀ ਆਗੂ ਪੈਦਾ ਕੀਤੇ ਹਨ। ਸੰਘਰਸ਼ੀ ਵਿਹੜੇ ਅੰਦਰ ਤਕਰੀਰਾਂ ਸੁਣ ਕੇ ਰੋਜ਼ੀ-ਰੋਟੀ ਚਲਾਉਣ ਵਾਲੇ ਜੁਗਨੂੰ ਨੂੰ ਵੀ ਅੱਖੋਂ-ਪਰੋਖੇ ਨਹੀਂ ਕੀਤੇ ਜਾ ਸਕਦਾ। ਅੱਜ ਜਦੋਂ ਅੰਨਦਾਤਾ ਦਿੱਲੀ ਦੀਆਂ ਸੜਕਾਂ ’ਤੇ ਸੰਘਰਸ਼ ਕਰ ਰਿਹਾ ਹੈ ਤਾਂ ਬਠਿੰਡਾ ਦੇ ਫ਼ੌਜੀ ਚੌਕ ਨੇੜੇ ਜੁਗਨੂੰ ਰਾਤ ਦੇ ਹਨੇਰੇ ਵਿਚ ਟਿਮਟਿਮਾ ਰਿਹਾ ਹੈ ਅਤੇ ਕਿਸਾਨੀ ਅੰਦੋਲਨ ਨੂੰ ਲੋਅ ਦੇ ਰਿਹਾ ਹੈ।
ਬਠਿੰਡਾ ਦੇ ਟੀਚਰਜ਼ ਹੋਮ ਅੱਗੇ ਦਰਸ਼ਨ ਚਾਹ ਦੀ ਰੇਹੜੀ ’ਤੇ ਕਿਸਾਨੀ ਝੰਡਾ ਲਗਾ ਕੇ ਗਾਹਕਾਂ ਨੂੰ ਚਾਹ ਪਰੋਸ ਰਿਹਾ ਹੈ। ਉਹ ਦੱਸਦਾ ਹੈ ਕਿ ਝੰਡੇ ਲਾਉਣੇ ਲੋਕ ਹੱਕਾਂ ਲਈ ਆਵਾਜ਼ ਉਠਾਉਣ ਦੀ ਸੋਝੀ ਉਸ ਨੂੰ ਬਠਿੰਡਾ ਦੇ ਟੀਚਰਜ਼ ਹੋਮ ਵਿੱਚੋਂ ਲੰਮਾ ਸਮਾਂ ਸੰਘਰਸ਼ ਸੱਥ ਦੇ ਪ੍ਰਬੰਧਕਾਂ ਨੂੰ ਮੁਫ਼ਤ ਚਾਹ ਦੀ ਸੇਵਾ ਕਰਨ ਬਦਲੇ ਨਸੀਬ ਹੋਈ ਹੈ। ਦਰਸ਼ਨ ਦਾ ਗਿਲਾ ਹੈ ਕਿ ਉਹ ਸੰਘਰਸ਼ ਸੱਥ ਕਹੇ ਜਾਣ ਵਾਲੇ ਟੀਚਰ ਹੋਮ ਵਿਚ ਪਹਿਲਾਂ ਵਾਲੀ ਗੜਸ ਨਹੀਂ ਰਹੀ। ਭਾਵੇਂ ਉਹ ਆਪਣੀ ਰੋਜ਼ੀ-ਰੋਟੀ ਰੇਹੜੀ ਲਗਾ ਕੇ ਚਲਾ ਰਿਹਾ ਹੈ ਪਰ ਸੰਘਰਸ਼ ਦੀ ਕਿਤਾਬ ਦਾ ਇੱਕ ਚੈਪਟਰ ਉਸ ਦੇ ਹਮੇਸ਼ਾ ਯਾਦ ਰਹਿੰਦਾ ਹੈ ਕਿ ਧੱਕੇਸ਼ਾਹੀ ਵਿਰੁੱਧ ਆਵਾਜ਼ ਬੁਲੰਦ ਕਰੋ। ਦਰਸ਼ਨ ਕਹਿੰਦਾ ਹੈ ਕਿ ਉਹ ਅੱਜ ਭਾਵੇਂ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ਵਿਚ ਨਹੀਂ ਪੁੱਜ ਸਕਦਾ ਪਰ ਕਿਸਾਨੀ ਝੰਡਾ ਲਗਾ ਕੇ ਹੱਲਾਸ਼ੇਰੀ ਤਾਂ ਦੇ ਸਕਦਾ ਹੈ।
ਉਹ ਟੀਚਰਜ਼ ਹੋਮ ਦੇ ਪ੍ਰਬੰਧਕਾਂ ’ਤੇ ਗਿਲਾ ਕਰਦਾ ਕਹਿੰਦਾ ਹੈ ਕਿ ਹੁਣ ਇੱਥੇ ਸੈਮੀਨਾਰ ਕਰਨ ਲਈ ਪ੍ਰਤੀ ਦਿਨ ਦੀ ਭਾਅ ਦੀ ਲਿਸਟਾਂ ਵਾਲੇ ਬੋਰਡ ਵੀ ਦਿਖਾਈ ਦੇਣ ਲੱਗੇ ਹਨ। ਭਾਰਤ ਅੰਦਰ ਕਿਸਾਨੀ ਅੰਦੋਲਨ ਤੇ ਚਲਦਿਆਂ ਟੀਚਰਜ਼ ਹੋਮ ਦੇੇ ਬਨੇਰੇ ’ਤੇ ਕਿਸਾਨੀ ਝੰਡਾਂ ਨਾ ਦਿਸਣਾ ਵੀ ਮਨ ਨੂੰ ਦੁੱਖ ਦਿੰਦਾ ਹੈ।