ਸ਼ਗਨ ਕਟਾਰੀਆ
ਬਠਿੰਡਾ, 12 ਅਕਤੂਬਰ
ਨਾਟਿਅਮ ਬਠਿੰਡਾ ਵੱਲੋਂ ਇੱਥੋਂ ਦੇ ਬਲਵੰਤ ਗਾਰਗੀ ਓਪਨ ਏਅਰ ਥੀਏਟਰ ’ਚ ਕਰਵਾਏ ਜਾ ਰਹੇ 10ਵੇਂ ਕੌਮੀ ਰੰਗ ਮੰਚ ਮੇਲੇ ਦੇ 12ਵੇਂ ਦਿਨ ਡਾਇਰੈਕਟਰ ਕੀਰਤੀ ਕਿਰਪਾਲ ਦੀ ਨਿਰਦੇਸ਼ਨਾ ਵਿੱਚ ਡਾ. ਆਤਮਜੀਤ ਵੱਲੋਂ ਲਿਖ਼ਤ ਨਾਟਕ ‘ਗ਼ਦਰ ਐਕਸਪ੍ਰੈਸ’ ਪੇਸ਼ ਕੀਤਾ ਗਿਆ। ਪੌਣੇ ਦੋ ਘੰਟੇ ਲੰਮਾ ਚੱਲੇ ਇਸ ਨਾਟਕ ਰਾਹੀਂ ਮੁਲਕ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਵਿਦੇਸ਼ੀ ਧਰਤੀ ਤੋਂ ਗ਼ਦਰ ਦਾ ਬਿਗਲ ਵਜਾਉਣ ਵਾਲੇ ਬਹਾਦਰ ਦੇਸ਼ ਭਗਤਾਂ ਕਾਸ਼ੀ ਰਾਮ, ਹਰਨਾਮ ਸਿੰਘ ਕਾਹਰੀ-ਸਾਹਰੀ, ਭਾਈ ਭਗਵਾਨ ਸਿੰਘ, ਮੇਵਾ ਸਿੰਘ ਲੋਪੋ ਕੇ ਆਦਿ ਦੀ ਕਹਾਣੀ ਨਾਟਕੀ ਵਿਧਾ ਰਾਹੀਂ ਪੇਸ਼ ਕੀਤੀ ਗਈ। ਭਾਵਪੂਰਤ ਪੇਸ਼ਕਾਰੀ ਸਦਕਾ ਸਮੁੱਚਾ ਮਾਹੌਲ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ ਗਿਆ ਅਤੇ ਦਰਸ਼ਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ। ਨਾਟਿਅਮ ਟੀਮ ਦੇ ਕਲਾਕਾਰਾਂ ਦੀ ਹੌਸਲਾ ਅਫ਼ਜ਼ਾਈ ਲਈ ਨਾਮਵਰ ਸ਼ਾਇਰ ਅਤੇ ਪੰਜਾਬ ਆਰਟ ਕੌਂਸਲ ਚੰਡੀਗੜ੍ਹ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਇਸ ਮੌਕੇ ਹਾਜ਼ਰ ਸਨ। ਉਨ੍ਹਾਂ ਸ਼ਾਨਦਾਰ ਪੇਸ਼ਕਾਰੀ ਲਈ ਰੰਗਕਰਮੀਆਂ ਨੂੰ ਵਧਾਈ ਦਿੰਦਿਆਂ ਇਸ ਨਾਟਕ ਦੀਆਂ ਹੋਰ ਪੇਸ਼ਕਾਰੀਆਂ ਕਰਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਬਠਿੰਡਾ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਨਿਤਿਆ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।