ਪੱਤਰ ਪ੍ਰੇਰਕ
ਬਠਿੰਡਾ, 11 ਮਾਰਚ
ਭਾਸ਼ਾ ਵਿਭਾਗ ਪੰਜਾਬ ਜ਼ਿਲ੍ਹਾ ਬਠਿੰਡਾ ਅਤੇ ਨਾਟਿਅਮ ਥੀਏਟਰ ਗਰੁੱਪ ਵੱਲੋਂ ਸਾਂਝੇ ਉਪਰਾਲੇ ਤਹਿਤ ਕੌੌਮਾਂਤਰੀ ਔਰਤ ਦਿਵਸ ਨੂੰ ਸਮਰਪਿਤ ਨਾਟਕ ‘ਮਰਜਾਣੀਆਂ’ ਦੇ ਦੋ ਸ਼ੋਅ ਫ਼ਤਿਹ ਗਰੁੱਪ ਆਫ਼ ਇੰਸਟੀਟਿਊਸ਼ਨਜ਼ ਰਾਮਪੁਰਾ ਤੇ ਟੀਚਰਜ਼ ਹੋਮ ਬਠਿੰਡਾ ਵਿੱਚ ਖੇਡੇ ਗਏ ਗਏ। ਜ਼ਿਲ੍ਹਾ ਭਾਸ਼ਾ ਅਫ਼ਸਰ ਕਿਰਪਾਲ ਸਿੰਘ ਨੇ ਦੱਸਿਆ ਕਿ ਡਾ. ਰਵੇਲ ਸਿੰਘ ਦੁਆਰਾ ਰਚਿਤ ਨਾਟਕ ‘ਮਰਜਾਣੀਆਂ’ ਰਾਹੀਂ ਅਜੋਕੇ ਸਮੇਂ ਵਿੱਚ ਜਬਰ-ਜਨਾਹ ਪੀੜਤ ਔਰਤਾਂ ਦੀ ਦਸ਼ਾ ਦੇ ਵਿਸ਼ੇ ਨੂੰ ਨਿਰਦੇਸ਼ਕ ਕੀਰਤੀ ਕਿਰਪਾਲ ਨੇ ਬੜੀ ਖੂਬਸੂਰਤੀ ਨਾਲ ਪੇਸ਼ ਕੀਤਾ, ਜਿਸ ਨੇ ਦਰਸ਼ਕਾਂ ਨੂੰ ਝੰਜੋੜ ਕੇ ਰੱਖ ਦਿੱਤਾ। ਨਾਟਕ ਵਿਚ ਦਰਸਾਇਆ ਗਿਆ ਕਿ ਦੇਸ਼ ਵਿਚ ਜਬਰ-ਜਨਾਹ ਪੀੜਤ ਔਰਤਾਂ ਦੀ ਗਿਣਤੀ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ। ਬੇਸ਼ੱਕ ਮੁਲਜ਼ਮਾਂ ਨੂੰ ਸਜ਼ਾਵਾਂ ਦੇਣ ਲਈ ਕਾਨੂੰਨ ਬਣਾਏ ਗਏ ਹਨ ਪਰ ਕਾਨੂੰਨਾਂ ਦੀ ਪਾਲਣਾ ਸਹੀ ਢੰਗ ਨਾਲ ਨਾ ਹੋਣ ਕਾਰਨ ਹਾਲਾਤ ਹੋਰ ਬਦਤਰ ਹੁੰਦੇ ਜਾ ਰਹੇ ਹਨ ਤੇ ਔਰਤ ਦਾ ਜੀਣਾ ਮੁਹਾਲ ਹੋ ਰਿਹਾ ਹੈ। ਨਾਟਕ ਵਿੱਚ ਮੁੱਖ ਭੂਮਿਕਾ ਨਾਮਵਰ ਸ਼ਾਇਰਾ ਤੇ ਸਹਾਇਕ ਪ੍ਰੋਫ਼ੈਸਰ ਡਾ. ਨੀਤੂ ਅਰੋੜਾ ਨੇ ਨਿਭਾਈ। ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਭਾਸ਼ਾ ਵਿਭਾਗ ਪੰਜਾਬ, ਜ਼ਿਲ੍ਹਾ ਬਠਿੰਡਾ ਵੱਲੋਂ ਇਸ ਮੌਕੇ ਇੱਕ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ । ਮੰਚ ਦਾ ਸੰਚਾਲਨ ਖੋਜ ਅਫ਼ਸਰ ਬਠਿੰਡਾ ਨਵਪ੍ਰੀਤ ਸਿੰਘ ਨੇ ਕੀਤਾ। ਟੀਚਰਜ਼ ਹੋਮ ਬਠਿੰਡਾ ਵਿੱਚ ਖੇਡੇ ਗਏ ਨਾਟਕ ਵਿੱਚ ਮਹਿਮਾਨਾਂ ਵਜੋਂ ਡਾ. ਪੂਜਾ ਗੁਪਤਾ, ਡਾ. ਅਰਪਨ ਪ੍ਰੀਤ, ਡਾ. ਅਲਪਨਾ ਬਡਿਆਲ, ਰਾਜਨ ਢੀਂਗਰਾ ਅਤੇ ਰਣਜੀਤ ਕੌਰ ਨੇ ਸ਼ਿਰਕਤ ਕੀਤੀ।